ਰੰਧਾਵਾ ਦੇ ਬੋਲਾਂ ਤੋਂ ਲੱਗਦਾ ਕਿ ਉਹ ਆਖਰ ਕੌੜਾ ਅੱਕ ਚੱਬਣਗੇ
Tuesday, Dec 10, 2019 - 04:57 PM (IST)
ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਅੱਜਕੱਲ ਸ਼੍ਰੋਮਣੀ ਅਕਾਲੀ ਦਲ ਨੇ ਮੰਤਰੀ ਮੰਡਲ 'ਚੋਂ ਬਰਖਾਸਤ ਕਰਨ ਦਾ ਝੰਡਾ ਚੁੱਕਿਆ ਹੋਇਆ ਹੈ, ਉਸ ਨੂੰ ਲੈ ਕੇ ਰੰਧਾਵਾ ਦੇ ਤੇਵਰ ਵੀ ਤਿੱਖੇ ਹਨ ਅਤੇ ਉਹ ਵੀ ਅਕਾਲੀ ਦਲ ਦੇ ਨੇਤਾਵਾਂ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਖਿਲਾਫ ਉਨ੍ਹਾਂ ਦੀ ਸਰਕਾਰ ਮੌਕੇ ਉਨ੍ਹਾਂ 'ਤੇ ਲੱਗੇ ਦੋਸ਼ਾਂ ਦੀ ਜਾਂਚ ਦੀ ਮੰਗ 'ਤੇ ਆਪਣੀ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਉਣ ਲਗ ਪਏ।
ਮੰਤਰੀ ਰੰਧਾਵਾ ਖਿਲਾਫ ਅਕਾਲੀ ਦਲ ਦੇ ਧਰਨੇ ਰੁਕਣ ਦਾ ਨਾਂ ਨਹੀਂ ਲੈ ਰਹੇ। ਹੁਣ ਬਰਗਾੜੀ ਕਾਂਡ ਦਾ ਇਨਸਾਫ ਲੈਣ ਵਾਲਿਆਂ ਨੇ ਰੰਧਾਵਾ ਦੀ ਕੋਠੀ ਦੇ ਬਾਹਰ ਧਰਨਾ ਦੇ ਦਿੱਤਾ, ਜਿਸ ਤੋਂ ਖਫਾ ਹੋਏ ਰੰਧਾਵਾ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਆਪਣੀ ਸਰਕਾਰ 'ਤੇ ਖੂਬ ਵਰ੍ਹੇ ਅਤੇ ਕਿਹਾ ਕਿ ਅਸੀਂ ਤਿੰਨ ਸਾਲ ਪਹਿਲਾਂ ਬਰਗਾੜੀ ਕਾਂਡ ਦੇ ਅਸਲ ਮੁਲਜ਼ਮਾਂ ਅਤੇ ਨਸ਼ੇ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਜੇਲਾਂ 'ਚ ਸੁੱਟਣ ਲਈ ਇਕੱਲੇ ਵਾਅਦੇ ਹੀ ਨਹੀਂ ਸੀ ਕੀਤੇ ਸਗੋਂ ਤਲਵੰਡੀ ਸਾਬੋ ਵਿਚ ਸਾਡੇ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਗੁਟਕਾ ਚੁੱਕ ਕੇ ਸੰਹੁ ਖਾਧੀ ਸੀ। ਉਨ੍ਹਾਂ ਕਿਹਾ ਕਿ ਤਿੰਨ ਸਾਲ ਹੋ ਗਏ ਸਾਡੀ ਸਰਕਾਰ ਆਈ ਨੂੰ, ਲੋਕ ਸਾਨੂੰ ਚੌਕਾਂ 'ਚ ਘੇਰ ਕੇ ਪੁੱਛਦੇ ਹਨ ਕਿ ਉਹ ਵਾਅਦੇ ਕਿੱਥੇ ਗਏ। ਹੁਣ ਮੈਂ ਇਸ ਗੱਲ 'ਤੇ ਆ ਗਿਆ ਹਾਂ ਕਿ ਜੇਕਰ ਬਰਗਾੜੀ ਕਾਂਡ ਅਤੇ ਨਸ਼ੇ ਦੇ ਸੌਦਾਗਰਾਂ ਖਿਲਾਫ ਸਰਕਾਰ ਨੇ ਫੌਰੀ ਕਾਰਵਾਈ ਨਾ ਕੀਤੀ ਤਾਂ ਉਹ ਮੰਤਰੀ ਮੰਡਲ ਤੋਂ ਅਸਤੀਫਾ ਦੇ ਦੇਣਗੇ। ਰੰਧਾਵਾ ਦੇ ਹੁਣ ਇਨ੍ਹਾਂ ਬੋਲਾਂ ਤੋਂ ਲਗਦਾ ਹੈ ਕਿ ਕਿੱਧਰੇ ਕੌੜਾ ਅੱਕ ਚੱਬਣ ਵਾਲੇ ਨਾ ਬਣ ਜਾਣ ਕਿਉਂਕਿ ਰੰਧਾਵਾ ਦੇ ਪਿੱਛੇ ਪਏ ਅਕਾਲੀਆਂ ਦਾ ਮੁਕਾਬਲਾ ਕਰਨ ਅਤੇ ਰੰਧਾਵਾ ਦੇ ਬਚਾਅ ਲਈ ਉਸ ਦੇ ਹਮਰੁਤਬਾ ਸਾਥੀ ਕਿੱਧਰੇ ਰੜਕੇ ਨਹੀਂ। ਇਸ ਲਈ ਸ. ਰੰਧਾਵਾ ਸ. ਸਿੱਧੂ ਵਾਲੇ ਰਾਹ ਤੁਰ ਕੇ ਕੌੜਾ ਅੱਕ ਚੱਬ ਸਕਦੇ ਹਨ। ਬਾਕੀ ਦੇਖਦੇ ਹਾਂ ਕਿ ਇਸ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀ ਕਰਦੇ ਹਨ।