ਬਾਦਲਾਂ ਖਿਲਾਫ ਅਦਾਲਤ ''ਚ ਜਾਣਗੇ ਸੁਖਜਿੰਦਰ ਰੰਧਾਵਾ
Sunday, Mar 03, 2019 - 07:04 PM (IST)
ਲੁਧਿਆਣਾ (ਮੁੱਲਾਂਪੁਰੀ) : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਲੁਧਿਆਣਾ ਫੇਰੀ ਦੌਰਾਨ ਜਿਥੇ ਕੈਪਟਨ ਸਰਕਾਰ ਦੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ, ਉਥੇ ਹੀ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਕਿ ਡੇਰਾ ਬਾਬਾ ਨਾਨਕ ਦੇ ਪਾਕਿਸਤਾਨੀ ਕਰਤਾਰਪੁਰ ਕੋਰੀਡੋਰ 'ਤੇ ਰੱਖੇ ਗਏ ਨੀਂਹ ਪੱਥਰ 'ਤੇ ਬਾਦਲਾਂ ਨਾਂ 'ਤੇ ਤੁਹਾਡੇ ਵਲੋਂ ਕੀਤੀ ਗਈ ਪੁੱਛ ਪੜਤਾਲ ਦਾ ਕੀ ਬਣਿਆ ਤਾਂ ਉਨ੍ਹਾਂ ਕਿਹਾ ਮੈਂ ਇਸ ਸਬੰਧੀ ਪਹਿਲਾਂ ਪੰਜਾਬ ਸਰਕਾਰ ਕੋਲ ਆਰ. ਟੀ. ਈ. ਪਾ ਕੇ ਜਾਣਕਾਰੀ ਹਾਸਲ ਕਰਨੀ ਚਾਹੀ ਪਰ ਉਨ੍ਹਾਂ ਕਿਹਾ ਕਿ ਇਹ ਕੇਂਦਰ ਨੈਸ਼ਨਲ ਹਾਈਵੇ ਅਥਾਰਿਟੀ ਜਵਾਬ ਦੇ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਜਲਦ ਹੀ ਨੈਸ਼ਨਲ ਹਾਈਵੇ ਕੋਲ ਆਪਣਾ ਕੇਸ ਰੱਖਿਆ ਅਤੇ ਆਰ. ਟੀ. ਈ. ਪਾਈ ਪਰ ਉਹ ਵੀ ਨੱਕ ਬੁੱਲ ਮਾਰ ਰਹੀ ਹੈ ਅਤੇ ਦੱਸਣ ਤੋਂ ਇਨਕਾਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਇਕ ਵਾਰ ਫਿਰ ਆਪਣੀ ਅਰਜ਼ੀ ਨੀਂਹ ਪੱਥਰਾਂ 'ਤੇ ਬਾਦਲਾਂ ਦੇ ਨਾਮ ਬਾਰੇ ਜਾਣਕਾਰੀ ਲੈਣ ਲਈ ਦਾਖਲ ਕਰਨਗੇ। ਜੇਕਰ ਉਨ੍ਹਾਂ ਨੂੰ ਕੋਈ ਤਸੱਲੀ ਬਖਸ਼ ਅਤੇ ਠੋਸ ਜਵਾਬ ਨਾ ਮਿਲਿਆ ਤਾਂ ਉਹ ਮਾਣਯੋਗ ਅਦਾਲਤ ਵਿਚ ਜਾਣਗੇ। ਪਾਕਿਤਸਾਨ ਵਲੋਂ ਅਸ਼ਾਂਤੀ ਵਾਲੀ ਸਥਿਤੀ ਪੈਦਾ ਕਰਨ 'ਤੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਅਸੀਂ ਤਾਂ ਬਾਰਡਰ 'ਤੇ ਬੈਠੇ ਹਾਂ ਅਮਨ ਸ਼ਾਂਤੀ ਚਾਹੁੰਦੇ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਡੇ ਇਲਾਕੇ ਦਾ ਦੌਰਾ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਬਚਨਬੱਧਤਾ ਦਿਖਾਈ ਹੈ ਅਤੇ ਨੌਜਵਾਨਾਂ ਦੇ ਹੌਂਸਲੇ ਬੁਲੰਦ ਕੀਤੇ ਹਨ। ਉਨਾਂ ਰੋਜ਼ਾਨਾ ਸ਼ਹੀਦ ਹੋ ਰਹੇ ਜਵਾਨਾਂ ਪ੍ਰਤੀ ਚਿੰਤਾ ਪ੍ਰਗਟਾਈ।