ਧੰਨਵਾਦੀ ਦੌਰੇ ਦੌਰਾਨ ਬੋਲੇ ਰੰਧਾਵਾ, ਲੋਕ ਸਭਾ ਚੋਣਾਂ ਦੌਰਾਨ ਕੀਤਾ ਇਕ-ਇਕ ਵਾਅਦਾ ਨਿਭਾਵਾਂਗਾ
Friday, Jul 19, 2024 - 06:13 PM (IST)
ਪਠਾਨਕੋਟ (ਅਦਿਤਿਆ) : ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਨੇ ਪਠਾਨਕੋਟ ਸ਼ਹਿਰ ਦੇ ਇਕ ਪੈਲੇਸ ਵਿਚ ਧੰਨਵਾਦੀ ਦੌਰਾ ਕੀਤਾ। ਇਸ ਦੌਰਾਨ ਸੁਖਜਿੰਦਰ ਰੰਧਾਵਾ ਅਤੇ ਪਠਾਨਕੋਟ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖਜਾਂਨਚੀ ਅਮਿਤ ਵਿੱਜ ਦੇ ਧੰਨਵਾਦੀ ਦੌਰੇ ਦੌਰਾਨ ਵਰਕਰਾਂ ਵਿਚ ਜਾ ਕਿ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਅਮਿਤ ਵਿੱਜ ਸਾਬਕਾ ਵਿਧਾਇਕ ਪਠਾਨਕੋਟ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਤ ਕੁਝ ਮੁਸ਼ਕਲਾਂ ਰੱਖੀਆਂ ਜਿਸ ਨੂੰ ਆਪਣੇ ਸੰਬੋਧਨ ਦੌਰਾਨ ਰੰਧਾਵਾ ਨੇ ਕਿਹਾ ਕਿ ਉਹ ਚੋਣਾਂ ਦੌਰਾਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕਰਨਗੇ। ਪਠਾਨਕੋਟ ਜ਼ਿਲ੍ਹੇ ਖ਼ਾਸ ਕਰਕੇ ਕੰਢੀ ਏਰੀਏ ਅਤੇ ਧਾਰ ਬਲਾਕ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਪਹਿਲ ਦੇ ਆਧਾਰ 'ਤੇ ਉਪਲੱਬਧ ਕਰਾਉਣ ਲਈ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਸੜਕਾਂ ਦੀ ਨੁਹਾਰ ਬਦਲ ਕੇ ਰੱਖ ਦੇਣਗੇ। ਢਾਕੀ ਫਲਾਈ ਓਵਰ ਅਤੇ ਪਠਾਨਕੋਟ ਇਲਾਕੇ ਵਿਚ ਵਧੀਆ ਸਿਹਤ ਸਹੂਲਤਾਂ ਲੋਕਾਂ ਨੂੰ ਦੇਣ ਲਈ ਏਮਜ਼ ਦੀ ਤਰਜ਼ 'ਤੇ ਇਕ ਹਸਪਤਾਲ ਸਥਾਪਤ ਕਰਾਉਣ ਲਈ ਆਪਣਾ ਧਿਆਨ ਕੇਂਦਰਿਤ ਕਰਨਗੇ ਅਤੇ ਪਠਾਨਕੋਟ ਦੇ ਬੰਦ ਪਏ ਹਵਾਈ ਅੱਡੇ ਤੋਂ ਦੁਬਾਰਾ ਉਡਾਨਾਂ ਸ਼ੁਰੂ ਕਰਨ ਲਈ ਸਿਰਤੋੜ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਮੇਰਾ ਰੋਮ-ਰੋਮ ਤੁਹਾਡਾ ਧੰਨਵਾਦੀ ਹੈ ਜਿਨ੍ਹਾਂ ਨੇ ਸਖ਼ਤ ਗਰਮੀ ਦੇ ਬਾਵਜੂਦ ਦਿਨ ਰਾਤ ਮਿਹਨਤ ਕਰਕੇ ਕਾਂਗਰਸ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ ਅਤੇ ਮੈਨੂੰ ਮੈਂਬਰ ਪਾਰਲੀਮੈਂਟ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ ਹੈ।
ਸੁਖਜਿੰਦਰ ਸਿੰਘ ਰੰਧਾਵਾ ਨਾਲ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਸ਼ੀਸ਼ ਵਿੱਜ, ਮੇਅਰ ਨਗਰ ਨਿਗਮ ਪਠਾਨਕੋਟ ਪੰਨਾ ਲਾਲ ਭਾਟੀਆ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਬੱਬਲੀ ਸਮੇਤ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰ, ਵੱਡੀ ਗਿਣਤੀ ਵਿਚ ਕਾਂਗਰਸ ਦੇ ਵਰਕਰ, ਮਹਿਲਾਵਾਂ, ਯੂਥ ਆਗੂ ਅਤੇ ਵਰਕਰ ਭਾਰੀ ਗਿਣਤੀ ਵਿਚ ਮੌਜੂਦ ਸਨ।