ਸੁੱਖੀ ਰੰਧਾਵਾ ਦਾ ਅਮਰਿੰਦਰ ਕਿਸੇ ਵਧੀਆ ਹਸਪਤਾਲ ''ਚ ਕਰਵਾਉਣ ਇਲਾਜ : ਮਜੀਠੀਆ

01/15/2020 8:23:25 PM

ਪਟਿਆਲਾ, (ਜੋਸਨ, ਪਰਮੀਤ, ਬਲਜਿੰਦਰ, ਰਾਣਾ)– ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੇ ਜੇਲ ਮੰਤਰੀ ਸੁੱਖੀ ਰੰਧਾਵਾ 'ਤੇ ਵਿਅੰਗ ਕਰਦਿਆਂ ਆਖਿਆ ਕਿ ਰੰਧਾਵਾ ਦੀ ਹਾਲਤ ਇਸ ਵੇਲੇ ਮਰੀਜ਼ਾਂ ਵਰਗੀ ਹੋਈ ਪਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸੁੱਖੀ ਰੰਧਾਵਾ ਦਾ ਕਿਸੇ ਵਧੀਆ ਹਸਪਤਾਲ ਵਿਚ ਇਲਾਜ ਕਰਵਾਉਣਾ ਚਾਹੀਦਾ ਹੈ। ਮਜੀਠੀਆ ਅੱਜ ਇੱਥੇ ਐੱਸ. ਜੀ. ਪੀ. ਸੀ. ਦੇ ਸੀਨੀਅਰ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੱਲੋਂ ਰਖਵਾਏ ਗਏ ਧਾਰਮਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਪਹੁੰਚੇ ਹੋਏ ਸਨ।

ਮਜੀਠੀਆ ਨੇ ਆਖਿਆ ਕਿ ਆਪਣੇ-ਆਪ ਨੂੰ ਈਮਾਨਦਾਰ ਦੱਸਣ ਦਾ ਡਰਾਮਾ ਕਰ ਰਹੇ ਸੁੱਖੀ ਰੰਧਾਵਾ ਜੇਲਾਂ ਵਿਚ ਸੁਪਰਡੈਂਟ ਲਾਉਣ ਦੇ ਵੀ 1-1 ਕਰੋੜ ਰੁਪਏ ਲੈ ਰਹੇ ਹਨ, ਜਿਸ ਕਾਰਣ ਜੇਲਾਂ ਵਿਚ ਲੱਗੇ ਅਫ਼ਸਰ ਸੁੱਖੀ ਰੰਧਾਵਾ ਦੇ ਕਹੇ 'ਤੇ ਲੋਕਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਲਾਂ ਗੈਂਗਸਟਰਾਂ ਦਾ ਘਰ ਬਣ ਚੁੱਕੀਆਂ ਹਨ। ਕਾਂਗਰਸੀ ਆਗੂ ਇਨ੍ਹਾਂ ਗੈਂਗਸਟਰਾਂ ਨਾਲ ਮਿਲ ਕੇ ਸ਼ਰਾਬ, ਰੇਤ ਅਤੇ ਹੋਰ ਮਾਫੀਆ ਬਣਾ ਕੇ ਲੋਕਾਂ ਦੀ ਲੁੱਟ ਕਰ ਰਹੇ ਹਨ।

ਮਜੀਠੀਆ ਨੇ ਆਖਿਆ ਕਿ ਅਮਰਿੰਦਰ ਵੱਲੋਂ ਸਿਰਫ ਦੋ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸੱਦਣਾ ਉਨ੍ਹਾਂ ਦੀ ਨਾਲਾਇਕੀ ਹੈ, ਜੋ ਇਹ ਸਪੱਸ਼ਟ ਕਰ ਰਿਹਾ ਹੈ ਕਿ ਸੈਸ਼ਨ ਵਿਚ ਕੋਈ ਵੀ ਲੋਕਾਂ ਦੀ ਮੰਗ ਨਾ ਉੱਠੇ। ਉਨ੍ਹਾਂ ਆਖਿਆ ਕਿ ਪਹਿਲਾ ਦਿਨ ਸ਼ਰਧਾਂਜਲੀਆਂ ਵਿਚ ਲੰਘ ਜਾਵੇਗਾ। ਦੂਸਰਾ ਦਿਨ ਰਾਜਪਾਲ ਅਮਰਿੰਦਰ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਝੂਠਾ ਭਾਸ਼ਣ ਪੜ੍ਹਨਗੇ। ਉਨ੍ਹਾਂ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਅਮਰਿੰਦਰ ਸਰਕਾਰ ਵੱਲੋਂ ਤਿਆਰ ਕੀਤੇ ਗਏ ਝੂਠੇ ਭਾਸ਼ਣ ਨੂੰ ਨਾ ਪੜ੍ਹਨ। ਜੇਕਰ ਪੜ੍ਹਨ ਤਾਂ ਸੱਚੀਆਂ ਗੱਲਾਂ ਵਿਧਾਨ ਸਭਾ 'ਚ ਰੱਖਣ ਤਾਂ ਜੋ ਸੱਚ ਲੋਕਾਂ ਨੂੰ ਪਤਾ ਲੱਗ ਸਕੇ।

ਮਜੀਠੀਆ ਨੇ ਆਖਿਆ ਕਿ ਅਮਰਿੰਦਰ ਅਸਲ ਵਿਚ ਆਪਣੀ ਪਾਰਟੀ ਦੀ ਲੜਾਈ ਵਿਚ ਹੀ ਉਲਝਿਆ ਹੋਇਆ ਹੈ। ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਆਹਮੋ-ਸਾਹਮਣੇ ਹਨ। ਬਾਜਵਾ ਅਮਰਿੰਦਰ ਨੂੰ ਸਾਹਮਣੇ ਬਹਿਸ ਕਰਨ ਦਾ ਚੈਲੰਜ ਕਰ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਅਮਰਿੰਦਰ ਵਿਚ ਇੰਨੀ ਸ਼ਕਤੀ ਨਹੀਂ ਕਿ ਉਹ ਬਾਜਵਾ ਦੀ ਬਹਿਸ ਦੀ ਚੁਣੌਤੀ ਕਬੂਲ ਕਰ ਸਕੇ।

ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਕਬੀਰ ਦਾਸ ਹਲਕਾ ਇੰਚਾਰਜ ਨਾਭਾ, ਹਰਪਾਲ ਜੁਨੇਜਾ ਸ਼ਹਿਰੀ ਪ੍ਰਧਾਨ ਪਟਿਆਲਾ, ਸੁਖਬੀਰ ਸਿੰਘ ਸਨੌਰ ਖਜ਼ਾਨਚੀ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿੱਲ, ਰਜਿੰਦਰ ਸਿੰਘ ਵਿਰਕ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਮਲਕੀਤ ਸਿੰਘ ਡਕਾਲਾ ਅਤੇ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।


Bharat Thapa

Content Editor

Related News