ਅਜਨਾਲਾ ਪਿਓ-ਪੁੱਤ ਦੀ ਘਰ ਵਾਪਸੀ 'ਤੇ ਸੁਖਦੇਵ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ

02/13/2020 8:42:36 PM

ਜਲੰਧਰ— ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਇਕ ਦਿਨ ਬਾਅਦ ਪੰਜਾਬ 'ਚ ਸਿਆਸੀ ਹਲਚਲ ਵੱਧ ਗਈ ਹੈ। ਵੀਰਵਾਰ ਨੂੰ ਜਿੱਥੇ ਅਕਾਲੀ ਦਲ ਨੇ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਰੈਲੀ ਕਰਕੇ ਇਕਜੁੱਟਤਾ ਦਿਖਾਈ, ਉੱਥੇ ਹੀ ਅਕਾਲੀ ਦਲ ਤੋਂ ਵੱਖ ਹੋਏ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੇ ਅਗਲੀ ਰਣਨੀਤੀ 'ਤੇ ਮੰਥਨ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਚੁੱਕੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਜਲੰਧਰ ਵਿਖੇ ਗੁਰਦੁਆਰਾ ਗੁਰੂ ਤੇਗ ਬਹਾਦਰ ਨੌਵੀਂ ਪਾਤਸ਼ਾਹੀ 'ਚ ਇਕ ਮੀਟਿੰਗ ਕੀਤੀ ਗਈ। ਇਸ ਮੌਕੇ  ਅਮਰਪਾਲ ਸਿੰਘ ਅਜਨਾਲਾ ਅਤੇ ਰਤਨ ਸਿੰਘ ਅਜਨਾਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ 'ਚ ਕੀਤੀ ਗਈ ਘਰ ਵਾਪਸੀ 'ਤੇ ਵੱਡਾ ਬਿਆਨ ਦਿੰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਿਸੇ ਇਕ ਅੱਧੇ ਦੇ ਚਲੇ ਜਾਣ ਨਾਲ ਪਾਰਟੀ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮਜੀਠੀਆ ਨੂੰ ਭਰਾ ਦੱਸਣ ਵਾਲਾ ਬੋਨੀ ਪਹਿਲਾਂ ਮਜੀਠੀਆ ਨੂੰ ਹੀ ਨਸ਼ੇ ਦਾ ਵਪਾਰੀ ਦੱਸ ਰਿਹਾ ਸੀ। ਬਾਗੀ ਦੇ ਸਵਾਲ 'ਤੇ ਟਕਸਾਲੀਆਂ ਨੇ ਕਿਹਾ ਕਿ ਅਸੀਂ ਬਾਗੀ ਨਹੀਂ ਸਗੋਂ ਅਸਲੀ ਅਕਾਲੀ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸੋਚ ਪੰਜਾਬ ਅਤੇ ਪੰਥ ਦੇ ਪ੍ਰਤੀ ਹੈ। ਟਕਸਾਲੀਆਂ ਨੇ ਕਿਹਾ ਕਿ ਬੋਨੀ ਜਵਾਬ ਦੇਣ ਕਿ ਉਨ੍ਹਾਂ ਦੀ ਇਹ ਲੜਾਈ ਰਾਜਨੀਤੀ ਲਈ ਹੈ ਜਾਂ ਫਿਰ ਪੰਥ ਦੇ ਲਈ। 

PunjabKesari

ਬੇਅਦਬੀ ਦੇ ਮੁੱਦੇ 'ਤੇ ਬੋਲਦੇ ਹੋਏ ਟਕਸਾਲੀ ਅਕਾਲੀਆਂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਿਸ ਤਰ੍ਹਾਂ ਗੁਰਦੁਆਰਿਆਂ 'ਚੋਂ ਮਹੰਤਾਂ ਨੂੰ ਪਹਿਲਾਂ ਖਦੇੜਿਆ ਗਿਆ ਹੈ, ਹੁਣ ਉਸੇ ਤਰ੍ਹਾਂ ਬਾਦਲ ਪਰਿਵਾਰ ਨੂੰ ਵੀ ਖਦੇੜਿਆ ਜਾਵੇਗਾ ਅਤੇ ਬਾਦਲਾਂ ਨੂੰ ਗੁਰੂਘਰਾਂ ਅਤੇ ਐੱਸ. ਜੀ. ਪੀ. ਸੀ. ਤੋਂ ਬਾਹਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰਿਆਂ ਦੀਆਂ ਗੋਲਕਾਂ 'ਤੇ ਸੱਪ ਬਣ ਕੇ ਬੈਠੇ ਹਨ, ਇਨ੍ਹਾਂ ਨੂੰ ਹਟਾਉਣਾ ਹੈ ਕਿਉਂਕਿ ਇਨ੍ਹਾਂ ਨੇ ਪੰਜਾਬ ਦਾ ਬਹੁਤ ਹੀ ਭਾਰੀ ਨੁਕਸਾਨ ਕੀਤਾ ਹੈ।

ਜਾਅਲੀ ਦੇ ਸਵਾਲ ਦੇ ਜਵਾਬ 'ਚ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਿਨ੍ਹਾਂ ਨੇ ਮੋਰਚਿਆਂ 'ਚ 10-10 ਸਾਲ ਦੀਆਂ ਕੈਦਾਂ ਕੱਟੀਆਂ ਹਨ, ਹੁਣ ਉਹ ਜਾਅਲੀ ਹੋ ਗਏ। ਕੀ ਸਿਰਫ ਬਾਦਲ ਹੀ ਅਸਲੀ ਅਕਾਲੀ ਦਲ ਹੈ? ਉਨ੍ਹÎਾਂ ਕਿਹਾ ਕਿ ਬਾਦਲਾਂ ਨੂੰ ਇੰਨੀ ਗਲ ਕਹਿਣ 'ਤੇ ਸ਼ਰਮ ਕਰਨੀ ਚਾਹੀਦੀ ਹੈ। ਦਿੱਲੀ ਦੀਆਂ ਚੋਣਾਂ 'ਚ ਅਕਾਲੀ ਦਲ ਵੱਲੋਂ ਭਾਜਪਾ ਨੂੰ ਸਮਰਥਨ ਦੇਣ 'ਤੇ ਬੋਲਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਤਾਂ ਇਨ੍ਹਾਂ ਨੇ ਖਤਮ ਹੀ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਰੇਹੜੀਆਂ ਲੈ ਕੇ ਭਾਜਪਾ ਦੇ ਪੈਰਾਂ 'ਚ ਰੁਲਦਾ ਫਿਰਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਬੀਬੀ ਬਾਦਲ ਦੀ ਕੁਰਸੀ ਬਚਾਉਣ ਲਈ ਅਕਾਲੀ ਪਰਿਵਾਰ ਨੇ ਇਹ ਸਭ ਕੀਤਾ ਹੈ। ਇਸ ਮੀਟਿੰਗ 'ਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਗੁਰਚਰਨ ਸਿੰਘ ਚੰਨੀ ਸਮੇਤ ਹੋਰ ਟਕਸਾਲੀ ਆਗੂ ਸ਼ਾਮਲ ਹੋਏ।


shivani attri

Content Editor

Related News