ਢੀਂਡਸਾ ਦੇ ਨਵੀਂ ਪਾਰਟੀ ਦੇ ਐਲਾਨ ''ਤੇ ਬ੍ਰਹਮਪੁਰਾ ਦਾ ਪਹਿਲਾ ਬਿਆਨ, ਲਗਾਏ ਵੱਡੇ ਦੋਸ਼
Wednesday, Jul 08, 2020 - 06:31 PM (IST)
ਚੰਡੀਗੜ੍ਹ : ਸੁਖਦੇਵ ਸਿੰਘ ਢੀਂਡਸਾ ਵਲੋਂ ਨਵੀਂ ਪਾਰਟੀ ਬਣਾਏ ਜਾਣ ਤੋਂ ਬਾਅਦ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਢੀਂਡਸਾ ਧੜੇ 'ਤੇ ਵੱਡੇ ਦੋਸ਼ ਲਗਾਏ ਹਨ। ਬ੍ਰਹਮਪੁਰਾ ਦਾ ਆਖਣਾ ਹੈ ਕਿ ਅਕਾਲੀ ਦਲ ਦੇ ਨਾਂ ਦੀਆਂ ਜਿਹੜੀਆਂ ਗੱਲਾਂ ਸੁਖਦੇਵ ਢੀਂਡਸਾ ਕਰ ਰਹੇ ਹਨ ਉਹ ਨਹੀਂ ਹੋ ਸਕਦੀਆਂ, ਉਨ੍ਹਾਂ ਕਿਹਾ ਕਿ ਢੀਂਡਸਾ ਲੋਕਾਂ ਨੂੰ ਸਿਰਫ ਤੇ ਸਿਰਫ ਗੁਮਰਾਹ ਕਰ ਰਹੇ ਹਨ। ਦੋਸ਼ ਲਗਾਉਂਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਢੀਂਡਸਾ ਵਲੋਂ ਉਨ੍ਹਾਂ ਨੂੰ ਧੋਖੇ 'ਚ ਰੱਖਿਆ ਗਿਆ ਹੈ, ਢੀਂਡਸਾ ਵਲੋਂ ਉਨ੍ਹਾਂ ਨੂੰ ਦੱਸਿਆ ਕੁਝ ਹੋਰ ਗਿਆ ਅਤੇ ਉਨ੍ਹਾਂ ਕੀਤਾ ਕੁਝ ਹੋਰ।
ਇਹ ਵੀ ਪੜ੍ਹੋ : ...ਤਾਂ ਇਸ ਲਈ ਢੀਂਡਸਾ ਨੇ ਨਵੀਂ ਪਾਰਟੀ ਦਾ ਨਾਮ ਰੱਖਿਆ 'ਸ਼੍ਰੋਮਣੀ ਅਕਾਲੀ ਦਲ'
ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪਾਰਟੀ 'ਚੋਂ ਕੱਢਣ ਦੀਆਂ ਗੱਲਾਂ ਉਨ੍ਹਾਂ ਵੀ ਕੀਤੀਆਂ ਸਨ ਪਰ ਚੋਣ ਕਮਿਸ਼ਨ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦਾ ਹੈ। ਅਕਾਲੀ ਦਲ ਦਾ ਪ੍ਰਧਾਨ ਸੁਖਦੇਵ ਢੀਂਡਸਾ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਹੀ ਹੈ। ਬ੍ਰਹਮਪੁਰਾ ਨੇ ਸਾਫ ਕੀਤਾ ਕਿ ਉਹ ਢੀਂਡਸਾ ਧੜੇ ਨਾਲ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਟਕਸਾਲੀ ਦਾ ਗਠਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਕੀਤਾ ਗਿਆ ਹੈ, ਇਸ ਲਈ ਟਕਸਾਲੀ ਪਾਰਟੀ ਨੂੰ ਭੰਗ ਨਹੀਂ ਕੀਤਾ ਜਾ ਸਕਦਾ, ਇਸ ਲਈ ਉਨ੍ਹਾਂ ਪਹਿਲਾਂ ਹੀ ਢੀਂਡਸਾ ਨੇ ਸੱਦਾ ਦਿੱਤਾ ਸੀ ਕਿ ਉਹ ਪ੍ਰਧਾਨਗੀ ਸਾਂਭ ਲੈਣ ਪਰ ਢੀਂਡਸਾ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਬ੍ਰਹਮਪੁਰਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਢੀਂਡਸਾ ਅਕਾਲੀ ਦਲ ਵਿਚ ਵੀ ਪ੍ਰਧਾਨ ਬਣਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਢੀਂਡਸਾ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਮੁੱਖ ਮੰਤਰੀ ਬਣਾਉਣ ਦੇ ਸੁਪਨੇ ਦੇਖ ਰਹੇ ਹਨ।
ਇਹ ਵੀ ਪੜ੍ਹੋ : ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਦੇਵ ਸਿੰਘ ਢੀਂਡਸਾ
ਸੇਵਾ ਸਿੰਘ ਸੇਖਵਾਂ ਅਤੇ ਬੀਰ ਦਵਿੰਦਰ ਸਿੰਘ ਵਲੋਂ ਢੀਂਡਸਾ ਧੜੇ ਨਾਲ ਜਾਣ 'ਤੇ ਬ੍ਰਹਮਪੁਰਾ ਨੇ ਕਿਹਾ ਇਸ ਦਾ ਉਨ੍ਹਾਂ ਨੂੰ ਬਹੁਤ ਵੱਡਾ ਦੁੱਖ ਹੈ ਪਰ ਹੁਣ ਵੀ ਉਹ ਇਕੱਲੇ ਨਹੀਂ ਹਨ, ਸਿਰਫ ਦੋ ਨੇਤਾ ਹੀ ਢੀਂਡਸਾ ਧੜੇ ਨਾਲ ਗਏ ਹਨ ਜਦਕਿ ਅਜੇ ਵੀ ਸਾਰੀ ਪਾਰਟੀ ਉਨ੍ਹਾਂ ਦੇ ਨਾਲ ਹੈ। ਬ੍ਰਹਮਪੁਰਾ ਨੇ ਸਾਫ ਕੀਤਾ ਕਿ ਬਾਦਲ ਪਰਿਵਾਰ ਖ਼ਿਲਾਫ਼ ਉਨ੍ਹਾਂ ਦਾ ਸਟੈਂਡ ਅਜੇ ਵੀ ਉਹੀ ਹੈ ਜੋ ਪਹਿਲਾਂ ਸੀ।
ਇਹ ਵੀ ਪੜ੍ਹੋ : ਇਕੱਠਿਆਂ ਖ਼ੁਦਕੁਸ਼ੀ ਕਰਨ ਵਾਲੇ ਮਾਂ-ਪੁੱਤ ਦੇ ਮਾਮਲੇ 'ਚ ਵੱਡਾ ਖੁਲਾਸਾ, ਮਿਲਿਆ ਸੁਸਾਇਡ ਨੋਟ