ਸੁਖਪਾਲ ਖਹਿਰਾ ਅਤੇ ਵਿਧਾਇਕਾਂ ਦੀ ਕਾਂਗਰਸ ’ਚ ਐਂਟਰੀ ’ਤੇ ਬੋਲੇ ਸੁਖਬੀਰ
Friday, Jun 04, 2021 - 02:28 PM (IST)
ਚੰਡੀਗੜ੍ਹ (ਅਸ਼ਵਨੀ) : ਵਿਧਾਇਕ ਸੁਖਪਾਲ ਖਹਿਰਾ ਸਮੇਤ ਤਿੰਨ ਵਿਧਾਇਕਾਂ ਦੀ ਕਾਂਗਰਸ ਵਿਚ ਐਂਟਰੀ ’ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਹੈ। ਚੰਡੀਗੜ੍ਹ ’ਚ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਦਾ ਕਾਂਗਰਸ ਵਿਚ ਜਾਣਾ ਇਹ ਦੱਸਦਾ ਹੈ ਕਿ ਹੁਣ ਬਿੱਲੀ ਥੈਲੇ ਵਿਚੋਂ ਬਾਹਰ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕੋ ਹੀ ਥੈਲੇ ਦੇ ਚੱਟੇ-ਵੱਟੇ ਹਨ। ਪਤਾ ਹੀ ਨਹੀਂ ਲੱਗਦਾ ਕਿ ਵਿਰੋਧੀ ਪਾਰਟੀ ਹੈ ਜਾਂ ਸਾਂਝਾ ਪਾਰਟੀ ਹੈ। ਇਸ ਤੋਂ ਪਹਿਲਾਂ ਕਾਂਗਰਸ ਛੱਡਣ ਤੋਂ ਬਾਅਦ ‘ਆਪ’ ਦੀ ਟਿਕਟ ’ਤੇ 2017 ਦੀਆਂ ਵਿਧਾਨਸਭਾ ਚੋਣਾਂ ਲੜਨ ਵਾਲੇ ਸੁਖਪਾਲ ਖਹਿਰਾ ਨੇ ਪੰਜਾਬ ਏਕਤਾ ਪਾਰਟੀ (ਪੀ. ਈ. ਪੀ.) ਦਾ ਗਠਨ ਕੀਤਾ ਸੀ। ਬਾਦਲ ਨੇ ਕਿਹਾ ਕਿ ਐਂਟੀ ਡਿਫੈਕਸ਼ਨ ਲਾਅ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ ਕਿਉਂਕਿ ਸੰਸਦ ਮੈਂਬਰ ਦੀਆਂ ਚੋਣਾਂ ਲੜਨ ਤੋਂ ਬਾਅਦ ਕਿਸੇ ਸਬੂਤ ਦੀ ਜਰੂਰਤ ਹੀ ਨਹੀਂ ਬਚੀ ਸੀ। ਨਿਰਮਲ ਸਿੰਘ ਮਾਨਸ਼ਾਹੀਆ ਅਤੇ ਪਿਰਮਲ ਸਿੰਘ ਖਾਲਸਾ ਦੋਵਾਂ ਨੇ ਖਹਿਰਾ ਦਾ ਸਮਰਥਨ ਕੀਤਾ ਸੀ ਪਰ ਹੁਣ ਇਹ ਤਿੰਨੇ ਆਧਿਕਾਰਤ ਤੌਰ ’ਤੇ ਕਾਂਗਰਸ ਖੇਮੇ ਵਿਚ ਹਨ, ਜੋ ਇਹ ਸਾਬਿਤ ਕਰਦਾ ਹੈ ਕਿ ‘ਆਪ’ ਅਤੇ ਕਾਂਗਰਸ ਦੀ ਮਿਲੀਭੁਗਤ ਹੈ। ਸੁਖਬੀਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਟੈਂਕਾਂ ਅਤੇ ਤੋਪਾਂ ਨਾਲ ਹਮਲੇ ਦੀ ਬਰਸੀ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ 1 ਬਲੈਕ ਅਤੇ 1 ਵ੍ਹਾਈਟ ਫੰਗਸ ਦਾ ਮਾਮਲਾ ਆਇਆ ਸਾਹਮਣੇ
ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ਰਮ ਦੀ ਗੱਲ ਹੈ ਕਿ ਗਾਂਧੀ ਪਰਿਵਾਰ ਨੇ ਹਮਲੇ ਨੂੰ ਜਾਇਜ਼ ਠਹਿਰਾਉਣ ਵਾਲਿਆਂ ਦੇ ਵਾਰਿਸਾਂ ਨੂੰ ਹੱਲਾਸ਼ੇਰੀ ਦੇਣੀ ਜਾਰੀ ਰੱਖੀ। ਦੱਸਣਯੋਗ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਸੁਖਪਾਲ ਖਹਿਰਾ ਸਮੇਤ ਪਾਰਟੀ ਦੇ 3 ਬਾਗੀ ਵਿਧਾਇਕਾਂ ਪਿਰਮਲ ਸਿੰਘ ਅਤੇ ਜਗਦੇਵ ਸਿੰਘ ਕਮਾਲੂ ਨੇ ਕਾਂਗਰਸ ਦਾ ਹੱਥ ਫੜ੍ਹ ਲਿਆ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਖਪਾਲ ਸਿੰਘ ਖਹਿਰਾ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਉਨ੍ਹਾਂ ਦੇ ਆਮ ਆਦਮੀ ਪਾਰਟੀ ਦੇ ਸਾਥੀ ਵਿਧਾਇਕ ਜਗਦੇਵ ਸਿੰਘ ਕਮਾਲੂ, ਵਿਧਾਇਕ ਮੌੜ ਅਤੇ ਪਿਰਮਲ ਸਿੰਘ ਧੌਲਾ, ਵਿਧਾਇਕ ਭਦੌੜ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਉਕਤ ਤਿੰਨ ਸੀਨੀਅਰ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਨ ਲਈ ਏ. ਆਈ. ਸੀ. ਸੀ. ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕਾਰ ਸ਼ੋਅਰੂਮ ਦੇ ਬਾਹਰ ਵਿਅਕਤੀ ਨੇ ਕੀਤੀ ਆਤਮਦਾਹ ਦੀ ਕੋਸ਼ਿਸ਼
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ