ਸੁਖਬੀਰ ਬਾਦਲ ਦਾ ਸਭ ਤੋਂ ਵੱਡਾ ਬਿਆਨ, ਵਿਵਾਦਾਂ ਨੂੰ ਖ਼ਤਮ ਕਰਨ ਲਈ ਇਲਜ਼ਾਮ ਪੁਆਏ ਝੋਲੀ

Monday, Jan 06, 2025 - 02:56 PM (IST)

ਸੁਖਬੀਰ ਬਾਦਲ ਦਾ ਸਭ ਤੋਂ ਵੱਡਾ ਬਿਆਨ, ਵਿਵਾਦਾਂ ਨੂੰ ਖ਼ਤਮ ਕਰਨ ਲਈ ਇਲਜ਼ਾਮ ਪੁਆਏ ਝੋਲੀ

ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ) - ਅਕਾਲੀ ਦਲ ਅਜੇ ਖ਼ਤਮ ਨਹੀਂ ਹੋਇਆ। ਇਹ ਬਿਆਨ  ਸੁਖਬੀਰ ਬਾਦਲ ਵਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਆਰਾਮ ਕਰ ਰਿਹਾ ਸੀ ਪਰ ਹੁਣ ਜਾਗ ਚੁਕਿਆ ਹੈ।ਹੁਣ ਸਭ ਨੂੰ ਬੰਦਾ ਬਣਾਵਾਂਗੇ।  ਇਸ ਦੇ ਨਾਲ ਹੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਲਗਾਈ ਗਈ ਧਾਰਮਿਕ ਸਜ਼ਾ 'ਤੇ ਬੋਲਦੇ ਕਿਹਾ ਕਿ ਸਾਡੇ ਉਤੇ ਝੂਠੇ ਇਲਜ਼ਾਮ ਲਾਏ ਗਏ ਸਨ। ਸਾਰੇ ਵਿਵਾਦਾਂ ਨੂੰ ਖ਼ਤਮ ਕਰਨ ਲਈ ਹੀ ਸਾਰੇ ਇਲਜ਼ਾਮ ਝੋਲੀ ਪੁਆ ਲਏ ਗਏ। 

ਅਕਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ। ਅਕਾਲੀ ਦਲ ਖ਼ਿਲਾਫ਼ ਬਿਆਨਬਾਜ਼ੀ 'ਤੇ ਸਿਆਸਤ ਹੋਈ, ਜਿਸ ਪਿੱਛੋਂ ਅਸੀਂ ਸਾਰਾ ਕੁਝ ਹੀ ਆਪਣੀ ਝੋਲੀ ਪਾ ਲਿਆ। ਸਾਰਾ ਵਿਵਾਦ ਖ਼ਤਮ ਹੀ ਤਾਂ ਹੋਣਾ ਸੀ। ਸਾਡੇ ਲਈ ਅਕਾਲ ਤਖ਼ਤ ਸੁਪਰੀਮ ਆਥਾਰਿਟੀ ਹੈ। ਤੁਸੀਂ ਅੱਜ ਦੀਆਂ ਨਵੀਆਂ ਪਾਰਟੀਆਂ ਨੂੰ ਪੁੱਛ ਲਓ ਕਿ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਹੋ। ਕਾਂਗਰਸ ਦੀ ਗੱਲ ਕਰ ਲਓ, ਰਾਜਾ ਵੜਿੰਗ ਤਾਂ ਖ਼ੁਦ ਜਥੇਦਾਰਾਂ ਖ਼ਿਲਾਫ਼ ਬੋਲ ਚੁੱਕੇ ਹਨ। 

ਇਹ ਵੀ ਪੜ੍ਹੋ- ਕਿਸਾਨੀ ਸੰਘਰਸ਼ ਦਰਮਿਆਨ ਭਾਜਪਾ ਦਾ ਵੱਡਾ ਬਿਆਨ

ਰੋਜ਼ੀ ਬਰਕੰਦੀ ਦੇ ਘਰ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਲੀਡਰ ਕੋਈ ਇਕ ਦਿਨ ਵਿੱਚ ਨਹੀਂ ਬਣਦਾ, ਅੱਗ 'ਚੋਂ ਨਿਕਲ ਕੇ ਬਣਨਾ ਪੈਂਦ ਹੈ, ਜਿੰਨੀ ਦੇਰ ਤਕ ਆਪਾਂ ਪਛਾਣਦੇ ਨਹੀਂ ਕਿ ਆਪਣਾ ਕੌਣ, ਪਰਾਇਆ ਕੌਣ। ਅੱਜ ਗੈਂਗਸਟਰ ਕਿਸੇ ਨੂੰ ਵੀ ਫੋਨ ਕਰ ਪੈਸੇ ਮੰਗ ਲੈਂਦੇ ਹਨ। ਥਾਣਿਆਂ ਉੱਤੇ ਬੰਬ ਸੁੱਟ ਰਹੇ ਹਨ। ਕੋਈ ਪੁੱਛਣ ਵਾਲਾ ਹੀ ਨਹੀਂ। ਇਹ ਮਾਘੀ ਕਾਨਫ਼ਰੰਸ ਰਾਹੀਂ ਜੰਗ ਸ਼ੁਰੂ ਹੋ ਗਈ ਹੈ। ਅੱਜ ਇਕੱਲਾ ਸੁਖਬੀਰ ਪੰਜਾਬ ਨਹੀਂ ਬਚਾ ਸਕਦਾ, ਸਗੋਂ ਵਰਕਰ ਬਚਾ ਸਕਦੇ ਹਨ। ਮੈਨੂੰ ਡਰ ਹੈ ਕਿ ਕੋਈ ਹੋਰ ਨਾ ਆ ਜਾਵੇ ਝੂਠ ਬੋਲਣ ਵਾਲਾ, ਇਮੋਸ਼ਨਲ ਕਰ ਵੋਟਾਂ ਲੈਣ ਵਾਲਾ। ਉਹ ਸਮਝਦੇ ਹਨ ਕਿ ਸਿਆਸਤ ਇਕ ਦੁਕਾਨ ਹੈ ਜਦਕਿ ਬਾਦਲ ਸਾਹਿਬ ਸਿਆਸਤ ਨੂੰ ਸੇਵਾ ਮੰਨਦੇ ਸਨ। ਅੱਜ ਸਮਾਂ ਹੈ ਅਕਾਲੀ ਦਲ ਨੂੰ ਤਕੜਾ ਕਰਨ ਦਾ।

ਇਹ ਵੀ ਪੜ੍ਹੋ-ਪੰਜਾਬ ਲਈ ਅਗਲੇ 24 ਘੰਟੇ ਬੇਹੱਦ ਅਹਿਮ, ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ

ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਆਗੂਆਂ ਨੂੰ ਇਸ ਮੌਕੇ ਆਖਿਆ ਕਿ ਮਾਘੀ ਮੇਲੇ 'ਤੇ ਜੋ ਇਕੱਠ ਕਰਨਾ ਹੈ, ਉਸ ਵਿੱਚ ਜਿਸ ਨੇ ਆਉਣਾ ਦਿਲੋਂ ਆਵੇ, ਮੇਲਾ ਵੇਖਣ ਵਾਲਿਆਂ ਦੀਆਂ ਬੱਸਾਂ ਨਾ ਲੈ ਕੇ ਆਓ। ਜੋ ਵਰਕਰ ਸਿੱਧਾ ਕਾਨਫ਼ਰੰਸ ਵਿੱਚ ਜਾਣਾ ਚਾਹੁੰਦਾ ਹੈ, ਉਸ ਨੂੰ ਹੀ ਲੈ ਕੇ ਆਓ। ਮਾਘੀ ਕਾਨਫਰੰਸ ਨੂੰ ਸਭ ਤੋਂ ਵੱਡੀ ਕਾਨਫਰੰਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਵਿਰੋਧੀਆਂ ਉੱਤੇ ਤੰਜ ਕਸਦਿਆਂ ਕਿਹਾ ਕਿ ਐਵੇਂ ਰੌਲਾ ਪਾਈ ਜਾਂਦੇ ਹਨ ਕਿ ਅਕਾਲੀ ਦਲ ਖ਼ਤਮ ਹੋ ਗਿਆ, ਜਦਕਿ ਅਕਾਲੀ ਦਲ ਆਰਾਮ ਕਰ ਰਿਹਾ ਸੀ, ਅਕਾਲੀ ਦਲ ਹੁਣ ਜਾਗ ਗਿਆ ਹੈ। ਹੁਣ ਬੰਦਾ ਬਣਾਵੇਗਾ ਸਭ ਨੂੰ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News