'ਭੁੱਲ ਸੁਧਾਰ ਰੈਲੀ’ ਦੌਰਾਨ ਸੁਖਬੀਰ ਦਾ ਵੱਡਾ ਐਲਾਨ, ਦੋਆਬੇ ’ਚ ਬਣੇਗਾ ਕਾਂਸ਼ੀ ਰਾਮ ਜੀ ਦੇ ਨਾਂ ’ਤੇ ਮੈਡੀਕਲ ਕਾਲਜ
Saturday, Oct 09, 2021 - 06:02 PM (IST)
ਜਲੰਧਰ (ਵੈੱਬ ਡੈਸਕ)— ਜਲੰਧਰ ਵਿਖੇ ਡੀ. ਏ. ਵੀ. ਯੂਨੀਵਰਸਿਟੀ ਨੇੜੇ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਵੱਲੋਂ ਗ਼ਰੀਬਾਂ ਦੇ ਮਸੀਹਾ ਸਾਹਿਬ ਕਾਂਸ਼ੀ ਰਾਮ ਜੀ ਦੀ ਬਰਸੀ ਮੌਕੇ ਅੱਜ ਭੁੱਲ ਸੁਧਾਰ ਰੈਲੀ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਰਧਾ ਦੇ ਫੁੱਲ ਭੇਟ ਕਰਕੇ ਨਿੱਘੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਦਲਜੀਤ ਸਿੰਘ ਚੀਮਾ ਸਮੇਤ ਅਕਾਲੀ ਦਲ ਅਤੇ ਬਸਪਾ ਦੀ ਸਮੂਚੀ ਲੀਡਰਸ਼ਿਪ ਪਹੁੰਚੀ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਪੁੱਜਾ ਅਕਾਲੀ ਦਲ ਦਾ ਵਫ਼ਦ, ਬੀਬੀ ਬਾਦਲ ਨੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨਾਲ ਦੁੱਖ਼ ਕੀਤਾ ਸਾਂਝਾ
ਆਪਣੀ ਸਰਕਾਰ ਦੀਆਂ ਉਪਲੱਬਧੀਆਂ ਗਿਣਵਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ’ਚ ਜਿੰਨੀਆਂ ਵੀ ਸਹੂਲਤਾਂ ਦਿੱਤੀਆਂ ਗਈਆਂ ਹਨ, ਉਹ ਬਾਦਲ ਸਰਕਾਰ ਵੇਲੇ ਹੀ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਦਾ ਸਿਧਾਂਤ ਇਕੋ ਜਿਹਾ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਦੋਆਬੇ ’ਚ ਕਾਂਸ਼ੀ ਰਾਮ ਜੀ ਦੇ ਨਾਂ ’ਤੇ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਵੀ ਕੀਤਾ। ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸੱਤਾ ਵਿਚ ਆਉਣ ’ਤੇ ਅਕਾਲੀ ਦਲ ਅਤੇ ਬਸਪਾ ਗਠਜੋੜ 2022 ਵਿਚ ਕਾਂਸ਼ੀ ਰਾਮ ਪੇਂਡੂ ਵਿਕਾਸ ਸਕੀਮ ਲਾਗੂ ਕਰੇਗਾ, ਜਿਸ ਤਹਿਤ 50 ਫ਼ੀਸਦੀ ਐੱਸ. ਸੀ. ਆਬਾਦੀ ਵਾਲੇ ਪਿੰਡਾਂ ਨੂੰ 50 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਕੀਮ ਐੱਸ. ਸੀ. ਆਬਾਦੀ ਲਈ ਬਹੁਤ ਲਾਭਕਾਰੀ ਹੋਵੇਗੀ, ਕਿਉਂਕਿ ਵਿਸ਼ੇਸ਼ ਗਰਾਂਟ ਦੀ ਬਦੌਲਤ ਜਲ ਸਪਲਾਈ ਅਤੇ ਡਰੇਨੇਜ ਪ੍ਰਾਜੈਕਟਾਂ ਵਿਚ ਤੇਜ਼ੀ ਆਵੇਗੀ। ਇਸ ਦੇ ਨਾਲ ਹੀ ਪਿੰਡਾਂ ਵਿਚ ਸਟ੍ਰੀਟ ਲਾਈਟਾਂ ਲੱਗ ਸਕਣਗੀਆਂ ਅਤੇ ਫੁੱਟਪਾਥ ਵੀ ਬਣ ਸਕਣਗੇ। ਉਨ੍ਹਾਂ ਕਿਹਾ ਕਿ ਇਹ ਇਨ੍ਹਾਂ ਪਿੰਡਾਂ ਨੂੰ ਮਾਡਲ ਪਿੰਡਾਂ ਵਿਚ ਤਬਦੀਲ ਕਰਨ ਦੀ ਇਕ ਸ਼ੁਰੂਆਤ ਹੋਵੇਗੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਅਤੇ ਬਸਪਾ ਗਠਜੋੜ ਜ਼ਿਲ੍ਹਾ ਪੱਧਰ ’ਤੇ ਮੈਡੀਕਲ ਕਾਲਜ ਬਣਾਉਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਬਾਬੂ ਕਾਂਸ਼ੀ ਰਾਮ ਦੇ ਨਾਂ ’ਤੇ ਮਲਟੀ ਸਪੈਸ਼ਲਟੀ ਹਸਪਤਾਲ ਬਣਾਇਆ ਜਾਵੇਗਾ ਅਤੇ ਦੋਆਬਾ ਵਿਚ ਡਾ. ਬੀ. ਆਰ. ਅੰਬੇਡਕਰ ਦੇ ਨਾਂ ’ਤੇ ਇਕ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਅਸੀਂ ਐੱਸ. ਸੀ. ਅਤੇ ਪੱਛੜੀਆਂ ਸ਼੍ਰੇਣੀਆਂ ਦੇ ਕਮਜ਼ੋਰ ਵਰਗਾਂ ਲਈ 5-5 ਲੱਖ ਘਰ ਬਣਾ ਕੇ ਦੇਣ ਲਈ ਵੀ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਹਰ ਸਾਲ ਦੋਵਾਂ ਭਾਈਚਾਰਿਆਂ ਦੇ ਮੈਂਬਰਾਂ ਨੁੰ ਇਕ ਇਕ ਲੱਖ ਘਰ ਬਣਾ ਕੇ ਦਿੱਤੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਐੱਸ.ਸੀ. ਅਤੇ ਬੀ. ਸੀ. ਵਰਗ ਨੂੰ ਦੋ ਵਿਭਾਗਾਂ ਵਿਚ ਵੰਡ ਕੇ ਯਕੀਨੀ ਬਣਾਵਾਂਗੇ ਕਿ ਐੱਸ.ਸੀ. ਅਤੇ ਬੀ. ਸੀ. ਵਰਗ ਦਾ ਵਿਕਾਸ ਯਕੀਨੀ ਬਣਾਇਆ ਜਾ ਸਕੇ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਹਰ ਵਰਗ ਨੂੰ 400 ਯੂਨਿਟ ਮੁਫ਼ਤ ਬਿਜਲੀ ਮਿਲੇਗੀ।
ਇਸ ਤੋਂ ਪਹਿਲਾਂ ਸਰਦਾਰ ਬਾਦਲ ਨੇ ਬਾਬੂ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬਹੁਜਨ ਆਗੂ ਨੇ ਦੇਸ਼ ਭਰ ਵਿਚ ਸਮਾਜ ਦੇ ਦਬੇ ਕੁਚਲੇ ਲੋਕਾਂ ਵਿਚ ਜਾਗਰੂਕਤਾ ਲਿਆਂਦੀ। ਉਨ੍ਹਾਂ ਕਿਹਾ ਕਿ 1996 ਵਿਚ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੋਇਆ ਸੀ ਅਤੇ ਇਸ ਨੇ ਪੰਜਾਬ ਵਿਚ 13 ਵਿਚੋਂ 11 ਲੋਕ ਸਭਾ ਸੀਟਾਂ ਜਿੱਤ ਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ। ਹੁਣ ਇਕ ਵਾਰ ਫਿਰ ਤੋਂ 2022 ਵਿਚ ਇਹ ਇਤਿਹਾਸ ਦੁਹਰਾਉਣ ਦਾ ਸਬੱਬ ਬਣ ਗਿਆ ਹੈ।
ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਕਿਹਾ ਕਿ ਕਾਂਗਰਸ ਸਕਕਾਰ ਨੇ ਤਾਂ ਸਿਰਫ਼ ਆਪਣੀ ਹੀ ਗ਼ਰੀਬੀ ਖ਼ਤਮ ਕੀਤੀ ਹੈ। ਕਾਂਗਰਸ ਨੇ ਗ਼ਰੀਬਾਂ ਦੇ ਨਾਂ ’ਤੇ ਵੋਟਾਂ ਲਈਆਂ ਹਨ ਪਰ ਗ਼ਰੀਬਾਂ ਦੀ ਬਾਂਹ ਨਹੀਂ ਫੜੀ। ਮੁੱਖ ਮੰਤਰੀ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਤਾਂ ਸਿਰਫ਼ ਚਰਨਜੀਤ ਸਿੰਘ ਚੰਨੀ ਨੂੰ ਟੈਂਪਰੇਰੀ ਤੌਰ ’ਤੇ ਚਾਰਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ’ਚ ਤਾਂ ਡੀ. ਜੀ. ਪੀ. ਵੀ ਚੰਨੀ ਸਾਬ੍ਹ ਆਪਣੀ ਮਰਜੀ ਨਾਲ ਨਹੀਂ ਲਗਾ ਸਕਦਾ, ਸਿੱਧੂ ਦੇ ਹੱਥ ’ਚ ਹੀ ਸਾਰਾ ਕੰਟਰੋਲ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਲਖੀਮਪੁਰ ਘਟਨਾ ਦੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਲਈ 5-5 ਲੱਖ ਦੇਣ ਦਾ ਐਲਾਨ
ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਜਸਬੀਰ ਸਿੰਘ ਗੜ੍ਹੀ ਨੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਸਿੱਧੂ ਵੱਲੋਂ ਦਿੱਤੇ ਗਏ ਬਿਆਨ ਦੀ ਵਾਇਰਲ ਹੋਈ ਵੀਡੀਓ ਸਬੰਧੀ ਬੋਲਦੇ ਹੋਏ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ’ਤੇ ਨਵਜੋਤ ਸਿੰਘ ਸਿੱਧੂ ਨੂੰ ਇਤਰਾਜ਼ ਹੈ।
ਇਥੇ ਦੱਸਣਯੋਗ ਹੈ ਕਿ 2001 ’ਚ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਨੇ ਪੰਜਾਬ ਦੇ ਹੁਸ਼ਿਆਰਪੁਰ ਦੀ ਰੌਸ਼ਨ ਗਰਾਊਂਡ ਵਿੱਚ ਭੁੱਲ ਸੁਧਾਰ ਰੈਲੀ ਕੀਤੀ ਸੀ ਅਤੇ ਉਸ ਸਮੇਂ ਦੇ ਹਾਕਮਾਂ ਨੂੰ ਸੋਚ ਵਿੱਚ ਪਾ ਦਿੱਤਾ ਸੀ ਅਤੇ ਹੁਣ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੀ ਕਾਂਸ਼ੀ ਰਾਮ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੇ ਹਨ। ਇਸ ਦੇ ਨਾਲ ਹੀ ਗੜ੍ਹੀ ਕਾਂਸ਼ੀ ਰਾਮ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਬਹੁਜਨ ਸਮਾਜ ਦੀਆਂ ਵਿਰਾਸਤਾਂ ਨਾਲ ਵੀ ਲੋਕਾਂ ਨੂੰ ਵੱਡੀ ਗਿਣਤੀ ’ਚ ਜੋੜਨ ਦਾ ਕੰਮ ਕਰ ਰਹੇ ਹਨ। ਇਸ ਰੈਲੀ ਨੂੰ ਹੋਰਾਂ ਤੋਂ ਇਲਾਵਾ ਰਣਧੀਰ ਸਿੰਘ ਬੈਨੀਵਾਲ, ਜਸਬੀਰ ਸਿੰਘ ਗੜ੍ਹੀ, ਡਾ. ਦਲਜੀਤ ਸਿੰਘ ਚੀਮਾ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਟੀਨੂੰ, ਬਲਦੇਵ ਖਹਿਰਾ, ਜਗਬੀਰ ਸਿੰਘ ਬਰਾੜ, ਸੋਹਣ ਸਿੰਘ ਠੰਢਲ, ਗੁਰਬਚਨ ਸਿੰਘ ਬੱਬੇਹਾਲੀ ਅਤੇ ਚੰਦਨ ਗਰੇਵਾਲ ਨੇ ਵੀ ਸੰਬੋਧਨ ਕੀਤਾ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਲਾਲਸਾ ਰਿਸ਼ਤਿਆਂ ’ਤੇ ਪਈ ਭਾਰੀ, ਦੋਸਤਾਂ ਨਾਲ ਮਿਲ ਕੇ ਪੁੱਤ ਨੇ ਕੀਤਾ ਪਿਤਾ ਦਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ