ਸਿੱਖ ਨੌਜਵਾਨ ਦੇ ਕਤਲ ''ਤੇ ''ਸੁਖਬੀਰ'' ਗੰਭੀਰ ਚਿੰਤਤ, ਮੋਦੀ ਨੂੰ ਕੀਤੀ ਅਪੀਲ
Monday, Jan 06, 2020 - 10:51 AM (IST)
ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੇਸ਼ਾਵਰ 'ਚ ਇਕ ਸਿੱਖ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਪਾਕਿਸਤਾਨ ਅੰਦਰ ਸਿੱਖ ਅਤੇ ਹੋਰ ਘੱਟ ਗਿਣਤੀਆਂ 'ਤੇ ਧਾਰਮਿਕ ਅੱਤਿਆਚਾਰਾਂ ਦੀਆਂ ਘਟਨਾਵਾਂ ਵਧਣ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੁਖਬੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਮਾਮਲਾ ਪਾਕਿਸਤਾਨੀ ਪ੍ਰਧਾਨ ਮੰਤਰੀ ਕੋਲ ਉਠਾ ਕੇ ਗੁਆਂਢੀ ਦੇਸ਼ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਤੇ ਹੋਏ ਹਮਲੇ ਤੋਂ ਇਕ ਦਿਨ ਬਾਅਦ ਪੇਸ਼ਾਵਰ 'ਚ ਇਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਪਾਕਿਸਤਾਨ 'ਚ ਸਿੱਖਾਂ ਅਤੇ ਦੂਜੇ ਘੱਟ ਗਿਣਤੀਆਂ ਨੂੰ ਕਿਸ ਹੱਦ ਤਕ ਧਾਰਮਿਕ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ 'ਚ ਧਾਰਮਿਕ ਅਸਥਾਨਾਂ ਅਤੇ ਸਿੱਖਾਂ ਤੇ ਦੂਜੀਆਂ ਘੱਟ ਗਿਣਤੀਆਂ ਉੱਤੇ ਹਮਲੇ ਵਧਣਾ ਪਾਕਿਸਤਾਨ ਦੀਆਂ ਘੱਟ ਗਿਣਤੀ ਵਿਰੋਧੀ ਨੀਤੀਆਂ ਦਾ ਨਤੀਜਾ ਹੈ। ਇਨ੍ਹਾਂ ਨੀਤੀਆਂ ਕਰ ਕੇ ਇਸਲਾਮਿਕ ਕੱਟੜਵਾਦੀ ਸ਼ਰੇਆਮ ਘੱਟ ਗਿਣਤੀਆਂ ਉੱਤੇ ਅੱਤਿਆਚਾਰ ਅਤੇ ਜਬਰੀ ਧਰਮ ਤਬਦੀਲੀਆਂ ਕਰ ਰਹੇ ਹਨ।
ਸੁਖਬੀਰ ਨੇ ਕਿਹਾ ਕਿ ਇਸਲਾਮਾਬਾਦ ਦੇ ਪਹਿਲੇ ਸਿੱਖ ਰਿਪੋਰਟਰ ਹਰਮੀਤ ਸਿੰਘ ਦੇ ਛੋਟੇ ਭਰਾ ਪਰਵਿੰਦਰ ਸਿੰਘ ਦੇ ਪੇਸ਼ਾਵਰ 'ਚ ਅਣਪਛਾਤੇ ਕਾਤਲਾਂ ਵੱਲੋਂ ਕੀਤੇ ਕਤਲ ਨੇ ਸਾਬਿਤ ਕਰ ਦਿੱਤਾ ਹੈ ਕਿ ਉੱਥੇ ਘੱਟ ਗਿਣਤੀਆਂ ਅੰਦਰ ਡਰ ਦੀ ਭਾਵਨਾ ਪੈਦਾ ਕਰਨ ਲਈ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀੜਤ ਵਿਆਹ ਕਰਵਾਉਣ ਲਈ ਮਲੇਸ਼ੀਆ ਤੋਂ ਆਇਆ ਸੀ ਅਤੇ ਪਾਕਿਸਤਾਨ ਵਿਚ ਵਧੇ ਨਫਰਤੀ ਅਪਰਾਧਾਂ ਦਾ ਸ਼ਿਕਾਰ ਹੋ ਗਿਆ। ਪਾਕਿਸਤਾਨੀ ਸਰਕਾਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਿਚ ਕੱਟੜਪੰਥੀਆਂ ਨਾਲ ਰਲੀ ਹੋਈ ਜਾਪਦੀ ਹੈ।