''ਸੁਖਬੀਰ ਬਾਦਲ ਦੀਆਂ ਆਪਹੁਦਰੀਆਂ ਨੇ ਅਕਾਲੀ ਦਲ ਤੇ ਪੰਥ ਨੂੰ ਘੋਰ ਸੰਕਟ ''ਚ ਧੱਕਿਆ''
Saturday, Aug 03, 2024 - 06:25 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਸੰਤ ਹਰਚੰਦ ਸਿੰਘ ਲੌੰਗੋਵਾਲ ਦੇ ਬਰਸੀ ਸਮਾਗਮ ਦੀ ਤਿਆਰੀ ਸਬੰਧੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਰਕਰਾਂ ਦੀ ਇਕ ਮੀਟਿੰਗ ਅੱਜ ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਈ। ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਆਪਹੁਦਰੀਆਂ ਤੇ ਤਾਨਾਸ਼ਾਹ ਫੈਸਲਿਆਂ ਦੇ ਦੋਸ਼ ਲਗਾਉਂਦਿਆਂ ਉਨ੍ਹਾਂ ਖਿਲਾਫ ਇਕਮੁੱਠਤਾ ਨਾਲ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ, ਗਗਨਦੀਪ ਸਿੰਘ ਬਰਨਾਲਾ ਸਮੇਤ ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਤਿਆਗ ਅਤੇ ਨਿਮਰਤਾ ਨਾਲ ਪਾਰਟੀ ਨੂੰ ਮਜ਼ਬੂਤ ਕੀਤਾ।
ਉਨ੍ਹਾਂ ਕਿਹਾ ਕਿ ਮੌਜੂਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਾਨਾਸ਼ਾਹੀ ਅਤੇ ਗੈਰਸੰਵਿਧਾਨਕ ਢੰਗ ਨਾਲ ਸੀਨੀਅਰ ਆਗੂਆਂ ਨੂੰ ਪਾਰਟੀ ਵਿੱਚੋਂ ਕੱਢਣ ਦੇ ਫ਼ੈਸਲੇ ਲੈ ਕੇ ਪਾਰਟੀ ਅਤੇ ਪੰਥ ਨੂੰ ਘੋਰ ਸੰਕਟ ਵਿਚ ਧਕੇਲ ਦਿੱਤਾ ਗਿਆ ਹੈ। ਸੰਗਰੂਰ ਤੋਂ ਸਾਬਕਾ ਵਿਧਾਇਕ ਬਾਬੂ ਗਰਗ ਨੇ ਮੁੜ ਦੁਹਰਾਇਆ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਚਾਪਲੂਸਾਂ ਅਤੇ ਜੀ ਹਜ਼ੂਰੀਏ ਘੇਰਾ ਪਾ ਕੇ ਬੈਠ ਗਏ ਹਨ ਜਿਸ ਕਾਰਨ ਉਹ ਪਾਰਟੀ ਦੇ ਨਫੇ ਨੁਕਸਾਨ ਤੋਂ ਵੀ ਸਮਝ ਖੋਹ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤਾਨਾਸ਼ਾਹੀ ਤੇ ਆਪਹੁਦਰੇ ਫ਼ਰਮਾਨ ਪਾਰਟੀ ਨੂੰ ਹੋਰ ਧਰਾਤਲ ਵੱਲ ਲੈ ਕੇ ਜਾਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੌਜੂਦ ਸਨ।