ਕੈਨੇਡਾ ''ਚ ਚੌਥੀ ਵਾਰ ਬਣੇ ਐੱਮ. ਪੀ. ਸੁੱਖ ਧਾਲੀਵਾਲ ਦੇ ਪਿੰਡ ''ਚ ਮਨਾਈਆਂ ਖੁਸ਼ੀਆਂ

10/23/2019 3:05:39 PM

ਜਗਰਾਓਂ (ਮਾਲਵਾ) : ਕੈਨੇਡਾ ਵਿਖੇ ਹੋਈਆਂ ਚੋਣਾਂ ਦੌਰਾਨ ਆਏ ਨਤੀਜਿਆਂ 'ਚ ਪੰਜਾਬੀਆਂ ਦੀ ਚੜ੍ਹਤ ਨੇ ਸਿਆਸੀ ਹਲਕਿਆਂ 'ਚ ਇਕ ਸਰਗਰਮੀ ਛੇੜ ਦਿੱਤੀ ਹੈ। ਕੈਨੇਡੀਅਨ ਫੈਡਰਲ ਚੋਣਾਂ ਦੇ ਨਤੀਜਿਆਂ 'ਚ ਭਾਰਤੀ ਮੂਲ ਦੇ 18 ਪੰਜਾਬੀਆਂ ਨੇ ਕੈਨੇਡੀਅਨ ਪਾਰਲੀਮੈਂਟ ਦੀਆਂ 18 ਸੀਟਾਂ 'ਤੇ ਕਬਜ਼ਾ ਕਰਦੇ ਹੋਏ ਇਕ ਵਾਰ ਫਿਰ ਬੀਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬੀਆਂ ਦੇ ਗੜ੍ਹ ਸਮਝੇ ਜਾਂਦੇ ਅੱਠ ਲੱਖ ਦੀ ਆਬਾਦੀ ਵਾਲੇ ਸ਼ਹਿਰ ਬਰੈਂਪਟਨ ਦੀਆਂ ਪੰਜ ਸੀਟਾਂ ਆਪਣੇ ਨਾਂ ਕਰਦੇ ਹੋਏ ਪੰਜ ਲਿਬਰਲ ਉਮੀਦਵਾਰਾਂ ਨੇ ਮੈਂਬਰ ਪਾਰਲੀਮੈਂਟ ਦੀਆਂ ਕੁਰਸੀਆਂ 'ਤੇ ਕਬਜ਼ਾ ਕਰ ਲਿਆ ਅਤੇ ਆਪਣੇ ਵਿਰੋਧੀਆਂ ਨੂੰ ਕਰਾਰੀ ਹਾਰ ਦਿੱਤੀ।

PunjabKesari

ਖਾਸ ਕਰ ਕੇ ਚੌਥੀ ਵਾਰ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਬਣੇ ਸੁੱਖ ਧਾਲੀਵਾਲ ਦੀ ਜਿੱਤ 'ਤੇ ਉਸ ਦੇ ਪਿੰਡ ਅਤੇ ਇਲਾਕੇ ਦੇ ਲੋਕਾਂ ਵੱਲੋਂ ਵੱਡੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਢੋਲ ਵਜਾਏ ਅਤੇ ਲੱਡੂ ਵੰਡੇ ਗਏ। ਸੁੱਖ ਧਾਲੀਵਾਲ ਦੇ ਜੱਦੀ ਪਿੰਡ 'ਚ ਖੁਸ਼ੀ ਦੇ ਮੌਕੇ 'ਤੇ ਫੈਡਰੇਸ਼ਨ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਨਗਰ ਵਾਸੀਆਂ ਨਾਲ ਇਹ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਸੁੱਖ ਧਾਲੀਵਾਲ ਉਨ੍ਹਾਂ ਦੇ ਵਿਦਿਆਰਥੀ ਜੀਵਨ ਦੇ ਸੀਨੀਅਰ ਦੇ ਤੌਰ 'ਤੇ ਵਿਚਰੇ ਪਰ ਉਨ੍ਹਾਂ ਵੱਲੋਂ ਕੈਨੇਡਾ ਦੀ ਪਾਰਲੀਮੈਂਟ 'ਚ ਸਿੱਖਾਂ ਦੀ ਨਸਲਕੁਸ਼ੀ ਲਈ ਲਿਆਂਦਾ ਮਤਾ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਵੱਲੋਂ ਸਿੱਖ ਤਿਉਹਾਰਾਂ ਅਤੇ ਸਿੱਖ ਕਕਾਰਾਂ ਦੀ ਹਮਾਇਤ 'ਚ ਲਿਆਂਦੇ ਫੈਸਲਿਆਂ 'ਚ ਰਹੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਸਮੁੱਚੇ ਪੰਜਾਬੀ ਅਤੇ ਸਿੱਖ ਭਾਈਚਾਰਾ ਉਨ੍ਹਾਂ ਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਕੈਨੇਡਾ 'ਚ ਆ ਰਹੀ ਸਰਕਾਰ ਤੋਂ ਪੰਜਾਬੀ ਭਾਈਚਾਰਾ ਕਾਫੀ ਸੰਤੁਸ਼ਟੀ ਮਹਿਸੂਸ ਕਰ ਰਿਹਾ ਹੈ, ਕਿਉਂਕਿ ਵੱਡੀ ਗਿਣਤੀ 'ਚ ਕੈਨੇਡਾ ਰਹਿ ਰਹੇ ਪੰਜਾਬੀਆਂ ਲਈ ਉਨ੍ਹਾਂ ਵੱਲੋਂ ਕਾਨੂੰਨੀ ਰਾਹਤ ਅਤੇ ਰਿਆਇਤਾਂ ਦਿੱਤੇ ਜਾਣ ਦੀ ਵੱਡੀ ਆਸ ਹੈ।


Anuradha

Content Editor

Related News