ਬੌਖਲਾਹਟ ''ਚ ਆ ਕੇ ਕੈਦੀ ਜੇਲ ਅਧਿਕਾਰੀਆਂ ''ਤੇ ਲਾ ਰਹੇ ਹਨ ਨਸ਼ਾ ਵਿਕਰੀ ਦੇ ਦੋਸ਼ : ਜੇਲ ਮੰਤਰੀ
Tuesday, Jan 07, 2020 - 10:59 AM (IST)
ਸੁਜਾਨਪੁਰ (ਜੋਤੀ) : ਬੀਤੇ ਦਿਨ ਰੂਪਨਗਰ ਦੀ ਜ਼ਿਲਾ ਜੇਲ ਤੋਂ ਕੈਦੀ ਮਨੋਜ ਕੁਮਾਰ ਮਾਮੂ ਵੱਲੋਂ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਵਾਇਰਲ ਕਰ ਕੇ ਜੇਲ ਪ੍ਰਬੰਧਕਾਂ 'ਤੇ ਜੋ ਦੋਸ਼ ਲਾਏ ਗਏ ਹਨ ਕਿ ਜੇਲ ਅਧਿਕਾਰੀਆਂ ਵੱਲੋਂ ਉਸ ਨੂੰ ਨਸ਼ਾ ਵੇਚਣ 'ਤੇ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਸਬੰਧੀ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਜੇਲਾਂ ਵਿਚ ਜੋ ਗੰਦ ਪਾਇਆ ਗਿਆ ਸੀ, ਨੂੰ ਸਾਡੇ ਵੱਲੋਂ ਪੂਰੀ ਤਰ੍ਹਾਂ ਸਾਫ ਕੀਤਾ ਜਾ ਰਿਹਾ ਹੈ। ਇਸ ਦੀ ਬਦੌਲਤ ਸਾਡੀ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮੋਬਾਇਲ ਬਰਾਮਦ ਕੀਤੇ ਹਨ। ਇਸ ਗੰਦ ਨੂੰ ਸਾਫ ਕੀਤੇ ਜਾਣ ਕਾਰਣ ਹੀ ਕੈਦੀ ਪ੍ਰੇਸ਼ਾਨ ਹੋ ਕੇ ਜੇਲ ਅਧਿਕਾਰੀਆਂ 'ਤੇ ਦੋਸ਼ ਲਾ ਰਹੇ ਹਨ ਪਰ ਇਸ ਸਬੰਧੀ ਸਥਾਨਕ ਜੇਲ ਅਧਿਕਾਰੀ ਆਪਣਾ ਸਪੱਸ਼ਟੀਕਰਨ ਦੇ ਚੁੱਕੇ ਹਨ। ਸਥਾਨਕ ਜੇਲ ਅਧਿਕਾਰੀ ਨੇ ਕੁਝ ਦਿਨਾਂ ਵਿਚ 38 ਮਾਮਲੇ ਨਸ਼ੇ ਅਤੇ ਮੋਬਾਇਲ ਦੇ ਵੱਖ-ਵੱਖ ਕੈਦੀਆਂ ਅਤੇ ਹਵਾਲਾਤੀਆਂ ਖਿਲਾਫ ਦਰਜ ਕਰਵਾਏ ਸੀ, ਜਿਸ ਕਾਰਣ ਕੈਦੀ ਬੌਖਲਾਹਟ ਵਿਚ ਜੇਲ ਪ੍ਰਬੰਧਕਾਂ 'ਤੇ ਝੂਠੇ ਦੋਸ਼ ਲਾ ਰਹੇ ਹਨ।