ਪ੍ਰਿੰਸੀਪਲ ਦੀ ਧੀ ਤੋਂ ਤੰਗ ਆ ਕੇ ਐੱਨ.ਆਰ.ਆਈ. ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
Saturday, Jun 12, 2021 - 12:29 PM (IST)
ਮੋਗਾ (ਆਜ਼ਾਦ): ਮੋਗਾ ਜੀ.ਟੀ. ਰੋਡ ’ਤੇ ਸਥਿਤ ਮਹਿਣਾ ਕੋਲ ਸਥਿਤ ਗੁਰੂਕੁਲ ਸਕੂਲ ਵਿਚ ਪੜ੍ਹਦੀ ਇਕ ਨਾਬਾਲਗ ਐੱਨ.ਆਰ.ਆਈ. ਵਿਦਿਆਰਥਣ ਖੁਸ਼ਪ੍ਰੀਤ ਕੌਰ (17) ਵੱਲੋਂ ਸਕੂਲ ਦੇ ਡੀ.ਪੀ. (ਸਰੀਰਕ ਸਿੱਖਿਆ ਦਾ ਅਧਿਆਪਕ) ਅਤੇ ਪ੍ਰਿੰਸੀਪਲ ਦੀ ਧੀ ਤੋਂ ਤੰਗ ਆ ਕੇ ਆਪਣੇ ਘਰ ਅੰਦਰ ਹੀ ਗਲੇ ਵਿਚ ਫਾਹ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਣਾ ਪੁਲਸ ਨੇ ਜਾਂਚ ਦੇ ਬਾਅਦ ਮ੍ਰਿਤਕਾ ਦੇ ਨਾਨਾ ਜਸਵੀਰ ਸਿੰਘ ਨਿਵਾਸੀ ਪਿੰਡ ਚੂਹੜਚੱਕ ਹਾਲ ਅਬਾਦ ਤਲਵੰਡੀ ਭੰਗੇਰੀਆ ਦੀ ਸ਼ਿਕਾਇਤ ਅਤੇ ਮ੍ਰਿਤਕਾ ਕੋਲੋਂ ਮਿਲੇ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਸਕੂਲ ਦੇ ਡੀ.ਪੀ. ਅਮਨਦੀਪ ਸਿੰਘ ਚਾਹਲ ਨਿਵਾਸੀ ਕਿਲੀ ਚਾਹਲ ਅਤੇ ਸਕੂਲ ਪ੍ਰਿੰਸੀਪਲ ਦੀ ਧੀ ਰਵਲੀਨ ਕੌਰ ਨਿਵਾਸੀ ਗੁਰੂਕੁਲ ਮਹਿਣਾ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਬਠਿੰਡਾ: ਕਬੱਡੀ ਖਿਡਾਰੀ ਕਤਲ ਮਾਮਲੇ ’ਚ ਪੂਰਾ ਥਾਣਾ ਤਬਦੀਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਣਾ ਦੇ ਮੁੱਖ ਅਫਸਰ ਗੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਸਵੀਰ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਮੇਰੀ ਧੀ ਕਿਰਨਪ੍ਰੀਤ ਕੌਰ ਦਾ ਵਿਆਹ ਕਰੀਬ 18-19 ਸਾਲ ਪਹਿਲਾਂ ਪਿੰਡ ਅੱਕਾਂ ਵਾਲੀ ਨਿਵਾਸੀ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ, ਜੋ ਕੈਨੇਡਾ ਸਿਟੀਜ਼ਨ ਹੈ। ਪਤੀ-ਪਤਨੀ ਵਿਚਕਾਰ ਘਰੇਲੂ ਕਾਰਣ ਉਨ੍ਹਾਂ ਦਾ ਤਲਾਕ ਹੋ ਗਿਆ। ਕਿਰਨਪ੍ਰੀਤ ਕੌਰ ਨੇ ਇਕ ਬੇਟੀ ਖੁਸ਼ਪ੍ਰੀਤ ਕੌਰ ਨੂੰ ਜਨਮ ਦਿੱਤਾ, ਜੋ ਸਾਡੇ ਕੋਲ ਆਪਣੇ ਨਾਨਕੇ ਘਰ ਰਹਿ ਰਹੀ ਸੀ ਅਤੇ ਨਰਸਰੀ ਤੋਂ ਲੈ ਕੇ ਹੁਣ ਤੱਕ ਗੁਰੂਕੁਲ ਸਕੂਲ ਵਿਚ ਪੜ੍ਹ ਰਹੀ ਸੀ ਅਤੇ ਕਰੀਬ ਇਕ ਸਾਲ ਤੋਂ ਹੋਸਟਲ ਵਿਚ ਰਹਿ ਰਹੀ ਸੀ। ਮੇਰੀ ਦੋਹਤੀ ਖੁਸ਼ਪ੍ਰੀਤ ਕੌਰ ਨੇ 15 ਦਿਨ ਪਹਿਲਾਂ ਮੈਨੂੰ ਦੱਸਿਆ ਕਿ ਮੈਨੂੰ ਪ੍ਰਿੰਸੀਪਲ ਹਰਪ੍ਰੀਤ ਕੌਰ ਦੀ ਧੀ ਰਵਲੀਨ ਕੌਰ ਅਤੇ ਅਮਨਦੀਪ ਸਿੰਘ ਚਾਹਲ ਡੀ.ਪੀ. ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੇ ਹਨ, ਜਿਸ ’ਤੇ ਮੈਂ ਸਕੂਲ ਜਾ ਕੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਅੱਗੇ ਤੋਂ ਅਜਿਹੀ ਕੋਈ ਗੱਲ ਨਹੀਂ ਹੋਵੇਗੀ,ਪਰ ਉਹ ਮੇਰੀ ਦੋਹਤੀ ਨੂੰ ਤੰਗ ਪਰੇਸ਼ਾਨ ਕਰਨ ਤੋਂ ਨਾ ਹਟੇ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਅਧਿਆਪਕ ਨੇ ਪਰਿਵਾਰ ਸਮੇਤ ਨਹਿਰ 'ਚ ਸੁੱਟਿਆ ਮੋਟਰਸਾਈਕਲ, ਪਿਓ-ਪੁੱਤ ਰੁੜੇ
ਬੀਤੀ 10 ਜੂਨ ਨੂੰ ਉਸ ਨੇ ਇਨ੍ਹਾਂ ਦੋਹਾਂ ਤੋਂ ਤੰਗ ਆ ਕੇ ਆਪਣੇ ਗਲੇ ਵਿਚ ਫਾਹ ਪਾ ਕੇ ਖੁਦਕੁਸ਼ੀ ਕਰ ਲਈ। ਉਸ ਦੀ ਜੇਬ ’ਚੋਂ ਨਿਕਲੇ ਖੁਦਕੁਸ਼ੀ ਨੋਟ ਵਿਚ ਉਸਨੇ ਕਥਿਤ ਦੋਸ਼ੀਆਂ ਦਾ ਤੰਗ ਪਰੇਸ਼ਾਨ ਕਰਨ ਸਬੰਧੀ ਜ਼ਿਕਰ ਕੀਤਾ ਹੈ ਅਤੇ ਕਿਹਾ ਕਿ ਇਨ੍ਹਾਂ ਕਾਰਨ ਹੀ ਉਹ ਖੁਦਕੁਸ਼ੀ ਕਰ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅੱਜ ਥਾਣੇਦਾਰ ਲਖਵੀਰ ਸਿੰਘ ਨੇ ਮ੍ਰਿਤਕਾ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ। ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।
ਇਹ ਵੀ ਪੜ੍ਹੋ: ਖੇਡਾਂ ਵਿੱਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਕਰਾਟੇ ਖਿਡਾਰਣ ਹਰਦੀਪ ਕੌਰ ਝੋਨਾ ਲਾਉਣ ਲਈ ਮਜਬੂਰ (ਵੀਡੀਓ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ