ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਆਂ ਨੂੰ ਸਨਮਾਨਿਤ ਕਰਨਾ ਨਿੰਦਣਯੋਗ: ਰਾਮਕਰਨ
Tuesday, Oct 03, 2017 - 01:51 PM (IST)
ਬਠਿੰਡਾ (ਪਰਮਿੰਦਰ)-ਇਕ ਕਿਸਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਇਕ ਆੜ੍ਹਤੀਏ ਨੂੰ ਦੁਸਹਿਰੇ ਮੌਕੇ ਰਾਮਪੁਰਾ ਫੂਲ ਹਲਕੇ ਦੇ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਸਨਮਾਨਿਤ ਕਰਨਾ ਅਤਿ ਨਿੰਦਣਯੋਗ ਹੈ। ਉਕਤ ਵਿਚਾਰ ਭਾਕਿਯੂ ਲੱਖੋਵਾਲ ਦੇ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ, ਜ਼ਿਲਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ, ਜਨਰਲ ਸਕੱਤਰ ਸਰੂਪ ਸਿੰਘ ਸਿੱਧੂ, ਵਿੱਤ ਸਕੱਤਰ ਸੁਖਦੇਵ ਸਿੰਘ ਜਵੰਧਾ ਅਤੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਉਕਤ ਆੜ੍ਹਤੀਏ 'ਤੇ ਇਕ ਕਿਸਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹਨ ਪਰ ਵਿਧਾਇਕ ਨੇ ਉਸ ਨੂੰ ਸਨਮਾਨਿਤ ਕਰ ਕੇ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਇਸ ਤਰ੍ਹਾਂ ਦੇ ਆੜ੍ਹਤੀਆਂ ਤੋਂ ਮੋਟੀ ਰਾਸ਼ੀ ਵਸੂਲ ਕਰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਲਾਇਸੈਂਸ ਜਾਰੀ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਪਹਿਲਾਂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਕਾਂਗਰਸ ਕਿਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਤੇ ਹੁਣ ਵਿਧਾਇਕ ਕਾਂਗੜ ਨੇ ਇਹ ਸਾਬਤ ਵੀ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਆੜ੍ਹਤੀਏ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਨਾਲ ਹੀ ਵਿਧਾਇਕ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਯੂਨੀਅਨ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਨੂੰ ਮਜਬੂਰ ਹੋਵੇਗੀ।
