ਫਾਇਨਾਂਸਰਾਂ ਤੋਂ ਪਰੇਸ਼ਾਨ ਨਹਿਰੀ ਵਿਭਾਗ ਦੇ ਵਿਅਕਤੀ ਨੇ ਲਿਆ ਫਾਹਾ, ਮੌਤ
Sunday, Oct 06, 2019 - 02:04 PM (IST)

ਗਿੱਦੜਬਾਹਾ (ਤਰਸੇਮ ਢੁੱਡੀ) - ਗਿੱਦੜਬਾਹਾ ਨਹਿਰੀ ਵਿਭਾਗ ਦੇ ਬੇਲਦਾਰ ਵਲੋਂ ਫਾਇਨੈਂਸਰਾਂ ਤੋਂ ਪਰੇਸ਼ਾਨ ਹੋ ਕੇ ਦਰਖਤ ਨਾਲ ਫਾਹਾ ਲੈ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹਰਿ ਰਾਮ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਮੌਕੇ 'ਤੇ ਪਹੁੰਚੀ ਪੁਲਸ ਨੇ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਚਾਰ ਵਿਅਕਤੀ ਉਸ ਦੇ ਪਤੀ ਨੂੰ ਰੋਜ਼ ਪਰੇਸ਼ਾਨ ਕਰਦੇ ਸਨ। ਉਹ ਉਨ੍ਹਾਂ ਦਾ ਮੋਟਰਸਾਈਕਲ ਖੋਹ ਕੇ ਲੈ ਜਾਣ ਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕਿਆਂ ਦਿੰਦੇ ਸਨ, ਜਿਨ੍ਹਾਂ ਤੋਂ ਦੁਖੀ ਹੋ ਕੇ ਹਰਿ ਰਾਮ ਨੇ ਪਿੰਡ ਗੁਰੂਸਰ ਕੋਲੋ ਲੰਘਦੀ ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰ ਨੇੜੇ ਲੱਗੇ ਦਰਖਤ ਨਾਲ ਫਾਹਾ ਲੈ ਲਿਆ।
ਥਾਣਾ ਗਿੱਦੜਬਾਹਾ ਦੇ ਏ.ਐੱਸ.ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਹਰਿ ਰਾਮ ਨੇ ਮੱਕੜ, ਚਹਿਲ, ਰਵਿ ਅਤੇ ਦੀਪਕ ਤੋਂ ਕੁਝ ਪੈਸੇ ਉਧਾਰ ਲਏ ਸਨ, ਜੋ ਉਸ ਨੇ ਉਨ੍ਹਾਂ ਨੂੰ ਵਾਪਸ ਵੀ ਕਰ ਦਿੱਤੇ ਸੀ, ਜਿਸ ਦੇ ਬਾਵਜੂਦ ਉਹ ਲੋਕ ਹਰਿ ਰਾਮ ਤੋਂ ਹੋਰ ਪੈਸੇ ਮੰਗ ਰਹੇ ਸਨ। ਜਿਸ ਕਾਰਨ ਮ੍ਰਿਤਕ ਇਨ੍ਹਾਂ ਤੋਂ ਪਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।