ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਾਂਗਰਸ ਦੇ ਸਾਬਕਾ ਪੰਚ ਦੀ ਹੋਈ ਮੌਤ
Wednesday, Jun 27, 2018 - 06:13 AM (IST)
ਬਠਿੰਡਾ(ਅਬਲੂ)-ਬੀਤੇ ਦਿਨ ਪਿੰਡ ਗਿੱਲਪੱਤੀ ’ਚ ਕਾਂਗਰਸ ਦੇ ਸਾਬਕਾ ਪੰਚ ਨੱਥਾ ਸਿੰਘ ਵੱਲੋਂ ਪਿੰਡ ਦੇ ਹੀ ਸੀਨੀਅਰ ਅਕਾਲੀ ਆਗੂ ਅਕਬਰ ਸਿੰਘ ਗਿੱਲਪੱਤੀ ਸਮੇਤ 8 ਲੋਕਾਂ ਖਿਲਾਫ ਇੱਕ ਸੁਸਾਈਡ ਨੋਟ ਲਿਖਿਆ ਗਿਆ ਸੀ ਜਿਸ ’ਚ ਉਨ੍ਹਾਂ ਲੋਕਾਂ ਨੂੰ ਮੌਤ ਦੇ ਜਿੰਮੇਵਾਰ ਦੱਸਿਆ ਗਿਆ। ਪਰ ਜਦੋਂ ਪੁਲਸ ਨੇ ਪੂਰੀ ਜਾਂਚ ਤੋਂ ਬਾਅਦ ਕਾਂਗਰਸੀ ਸਾਬਕਾ ਪੰਚ ਨੱਥਾ ਸਿੰਘ ਦੇ ਖਿਲਾਫ ਥਾਣਾ ਥਰਮਲ ’ਚ ਮਾਮਲਾ ਦਰਜ ਕਰ ਦਿੱਤਾ ਗਿਆ। ਉਸ ਵੇਲੇ ਮਾਮਲਾ ਨੇ ਨਵਾਂ ਮੋਡ਼ ਲੈ ਲਿਆ ਜਦੋਂ ਇਲਾਜ ਅਧੀਨ ਸਾਬਕਾ ਪੰਚ ਨੱਥਾ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੱਥਾ ਸਿੰਘ ਨੇ 20 ਜੂਨ ਨੂੰ ਜਹਿਰਲੀ ਚੀਜ਼ ਪੀ ਲਈ ਸੀ ਤੇ ਉਸ ਦੀ ਹਾਲਤ ਖਰਾਬ ਹੋਣ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਨੱਥਾ ਸਿੰਘ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਇੱਕ ਸੁਸਾਈਡ ਨੋਟ ਲਿਖਿਆ ਸੀ, ਜਿਸ ’ਚ ਉਸ ਨੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਪਿੰਡ ਦੇ ਸੀਨੀਅਰ ਅਕਾਲੀ ਆਗੂ ਸਮੇਤ 8 ਲੋਕਾਂ ਦੇ ਨਾਂ ਲਿਖੇ ਸਨ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਰਾਜਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਜਦੋਂ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਨੱਥਾ ਸਿੰਘ ਕੁਚਲਾ ਨਾਮਕ ਨਸ਼ਾ ਤਿਆਰ ਕਰਦਾ ਸੀ ਅਤੇ ਜਿਸ ਦਾ ਸੇਵਨ ਕਰਦਾ ਸੀ ਅਤੇ ਨਾਲ ਪਿੰਡ ਦੇ ਨੌਜਵਾਨਾਂ ਨੂੰ ਨਸ਼ਾ ਵੇਚਦਾ, ਜਿਸ ਨੂੰ ਪਿੰਡ ਅਕਾਲੀ ਆਗੂ ਅਕਬਰ ਸਿੰਘ ਗਿੱਲਪੱਤੀ, ਗੁਲਜਾਰ ਸਿੰਘ ਆਦਿ ਵੇਚਣ ਤੋਂ ਰੋਕਦੇ ਸਨ, ਜਿਸ ਕਾਰਨ ਨੱਥਾ ਸਿੰਘ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਉਕਤ ਦੋਸ਼ੀ ਖਿਲਾਫ ਖੁਦਕੁਸ਼ੀ ਕਰਨ ਦਾ ਮਾਮਲਾ ਦਰਜ ਕਰ ਦਿੱਤਾ ਸੀ ਪਰ ਨੱਥਾ ਸਿੰਘ ਦੀ ਮੌਤ ਹੋ ਗਈ ਹੈ। ਜਦੋਂ ਉਕਤ ਮਾਮਲੇ ਸਬੰਧੀ ਥਾਣਾ ਥਰਮਲ ਦੇ ਇੰਚਾਰਜ ਸ਼ਿਵ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸੁਸਾਇਡ ਨੋਟ ’ਚ ਲਿਖੇ ਵਿਅਕਤੀਆਂ ਖਿਲਾਫ ਧਾਰਾ 306 ਦਾ ਮਾਮਲਾ ਦਰਜ ਕਰ ਦਿੱਤਾ ਹੈ ।
