ਜ਼ਮੀਨੀ ਵਿਵਾਦ ਦੇ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ

Wednesday, Apr 04, 2018 - 04:15 AM (IST)

ਬਠਿੰਡਾ (ਵਰਮਾ)-ਰਾਮਪੁਰਾ ਫੂਲ ਵਿਚ ਜ਼ਮੀਨੀ ਵਿਵਾਦ ਦੇ ਕਾਰਨ ਪਿੰਡ ਸੁਰਜੀਤਪੁਰਾ ਝੁੱਗੀਆਂ ਵਾਸੀ ਇਕ ਨੌਜਵਾਨ ਨੇ ਸੋਮਵਾਰ ਰਾਤ ਆਪਣੇ ਘਰ ਵਿਚ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਦਿਆਲਪੁਰਾ ਵਿਚ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।  ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਸੁਰਜੀਤ ਝੁੱਗੀਆਂ ਵਾਸੀ ਮੇਜਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ। ਉਸ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਨ੍ਹਾਂ ਦਾ ਗੁਰੂਸਰ ਵਾਸੀ ਨਿਹਾਲ ਸਿੰਘ ਉਸ ਦੇ ਪੁੱਤਰ ਗੁਰਦੀਪ ਸਿੰਘ, ਪਿੰਡ ਸੁਰਜੀਤਪੁਰਾ ਝੁੱਗੀਆਂ ਵਾਸੀ ਆਪਣੇ ਗੁਆਂਢੀ ਜਸਵੰਤ ਸਿੰਘ, ਉਸ ਦੀ ਪਤਨੀ ਬਲਵੀਰ ਕੌਰ ਉਰਫ ਬੀਰੋ ਅਤੇ ਉਸ ਦੇ ਪੁੱਤਰ ਰਾਜ ਭੁਪਿੰਦਰ ਸਿੰਘ ਉਰਫ ਭਿੰਦਰ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਵਿਵਾਦ ਦੇ ਕਾਰਨ ਉਨ੍ਹਾਂ ਨੂੰ ਹਾਈ ਕੋਰਟ ਤੋਂ ਜ਼ਮੀਨ ਦੀ ਡਿਗਰੀ 'ਤੇ ਸਟੇਅ ਵੀ ਮਿਲਿਆ ਹੈ। ਇਸ ਦੇ ਬਾਵਜੂਦ ਉਕਤ ਲੋਕ ਉਨ੍ਹਾਂ ਨੂੰ ਅਕਸਰ ਪ੍ਰੇਸ਼ਾਨ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਫਸਲ ਨੂੰ ਵੀ ਖਰਾਬ ਕਰ ਦਿੰਦੇ ਹਨ। ਮੇਜਰ ਸਿੰਘ ਨੇ ਦੱਸਿਆ ਕਿ ਇਸੇ ਕਾਰਨ ਉਸ ਦਾ ਲੜਕਾ ਸ਼ਿੰਦਰਪਾਲ ਸਿੰਘ (32) ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਸ਼ਿੰਦਰਪਾਲ ਸਿੰਘ ਨੇ ਘਰ 'ਚ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਧਰ ਥਾਣਾ ਦਿਆਲਪੁਰਾ ਦੀ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ 'ਤੇ ਨਿਹਾਲ ਸਿੰਘ, ਉਸ ਦੇ ਪੁੱਤਰ ਗੁਰਦੀਪ ਸਿੰਘ, ਜਸਵੰਤ ਸਿੰਘ, ਉਸ ਦੀ ਪਤਨੀ ਬਲਵੀਰ ਕੌਰ ਅਤੇ ਉਸ ਦੇ ਪੁੱਤਰ ਰਾਜ ਭੁਪਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News