ਪੇਪਰਾਂ ''ਚ ਨਕਲ ਨਾ ਵੱਜਣ ''ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
Tuesday, Mar 13, 2018 - 06:54 AM (IST)

ਹਰਸ਼ਾ ਛੀਨਾ(ਨਿਰਵੈਲ)-ਪੇਪਰਾਂ 'ਚ ਨਕਲ ਨਾ ਵੱਜਣ ਕਾਰਨ ਤਣਾਅ 'ਚ ਆ ਕੇ ਵਿਦਿਆਰਥੀ ਹਰਪਿੰਦਰ ਸਿੰਘ (19) ਪੁੱਤਰ ਸਾਹਿਬ ਸਿੰਘ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪੁਲਸ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਹਰਸ਼ਾ ਛੀਨਾ (ਵਿਚਲਾ ਕਿਲਾ) ਦੇ ਮ੍ਰਿਤਕ ਨੌਜਵਾਨ ਨੌਜਵਾਨ ਦੀ ਮਾਤਾ ਪਰਮਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਬੇਟਾ ਹਰਪਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿੰਸਰਾ ਵਿਖੇ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਗੁਰੂ ਕਾ ਬਾਗ ਵਿਖੇ ਬਣੇ ਸੈਂਟਰ ਵਿਖੇ ਸਾਲਾਨਾ ਇਮਤਿਹਾਨ ਦੇ ਰਿਹਾ ਸੀ ਤੇ ਨਕਲ ਨਾ ਵੱਜਣ ਕਾਰਨ ਕਾਫ਼ੀ ਦਿਨਾਂ ਤੋਂ ਮਾਨਸਿਕ ਤਣਾਅ ਵਿਚ ਸੀ । ਅੱਜ ਦੁਪਹਿਰ ਸਮੇਂ ਮੈਂ ਕਿਹਾ ਕਿ ਰੋਟੀ ਖਾ ਲੈ ਤੇ ਉਸ ਨੇ ਰੋਟੀ ਨਹੀਂ ਖਾਧੀ ਅਤੇ ਘਰ ਦੇ ਬਾਹਰ ਬਣੇ ਡੰਗਰਾਂ ਦੇ ਬਰਾਂਡੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜ਼ਿਕਰਯੋਗ ਹੈ ਕਿ ਮ੍ਰਿਤਕ ਚਾਰ ਭੈਣ-ਭਰਾਵਾਂ ਦਾ ਸਭ ਤੋਂ ਵੱਡਾ ਭਰਾ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਰਾਜਾਸਾਂਸੀ ਤੇ ਤਫ਼ਤੀਸ਼ੀ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।