ਥਾਣੇਦਾਰ ਤੇ ਗਵਾਹ ਤੋਂ ਤੰਗ ਨੌਜਵਾਨ ਨੇ ਕੀਤੀ ਖੁਦਕੁਸ਼ੀ

11/22/2017 3:28:29 AM

ਬਾਲਿਆਂਵਾਲੀ(ਸ਼ੇਖਰ)-ਪਿੰਡ ਮੰਡੀ ਕਲਾਂ ਦੇ ਨੌਜਵਾਨ ਭੁਪਿੰਦਰ ਸਿੰਘ ਨੇ ਪੁਲਸ ਦੇ ਇਕ ਥਾਣੇਦਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਕਤ ਨੌਜਵਾਨ ਨੇ ਖੁਦਕੁਸ਼ੀ ਨੋਟ ਵਿਚ ਲਿਖਿਆ ਕਿ ਉਸ ਨੂੰ ਏ. ਐੱਸ. ਆਈ. ਜਗਰੂਪ ਸਿੰਘ ਤੇ ਸਤੀਸ਼ ਕੁਮਾਰ ਮੌੜ ਮੰਡੀ ਇਕ ਕੇਸ ਦੀ ਗਵਾਹੀ ਮੁਕਰਨ ਲਈ ਉਸ ਤੋਂ ਰੁਪਏ ਮੰਗਦੇ ਸਨ ਤੇ ਤੰਗ ਪ੍ਰੇਸ਼ਾਨ ਕਰਦੇ ਸਨ। ਮੇਰੀ ਮੌਤ ਲਈ ਇਹ ਦੋਵੇਂ ਵਿਅਕਤੀ ਹੀ ਜ਼ਿੰਮੇਵਾਰ ਹਨ। ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਭੁਪਿੰਦਰ ਸਿੰਘ ਅਤੇ ਕੁਝ ਹੋਰਨਾਂ 'ਤੇ ਮੌੜ ਪੁਲਸ ਨੇ ਇਕ ਝੂਠਾ ਮਾਮਲਾ ਦਰਜ ਕਰ ਦਿੱਤਾ ਸੀ, ਜਿਸ ਦਾ ਕੇਸ ਅਦਾਲਤ ਵਿਚ ਵਿਚਾਰ ਅਧੀਨ ਹੈ ਪਰ ਉਸ ਮਾਮਲੇ ਵਿਚ ਤਫਤੀਸ਼ੀ ਜਗਰੂਪ ਸਿੰਘ ਤੇ ਸਤੀਸ਼ ਕੁਮਾਰ ਗਵਾਹ ਹਨ। ਹੁਣ ਉਕਤ ਦੋਵੇਂ ਵਿਅਕਤੀ ਆਪਣੀਆਂ ਗਵਾਹੀਆਂ ਬਦਲਣ ਲਈ ਮੋਟੇ ਰੁਪਏ ਮੰਗ ਰਹੇ ਸਨ, ਜਿਸ ਨਾਲ ਉਨ੍ਹਾਂ ਦਾ ਲੜਕਾ ਦਿਮਾਗੀ ਤੌਰ 'ਤੇ ਕਾਫੀ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੁਲਸ ਆਪਣੇ ਕਰਮਚਾਰੀ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਇਸ ਲਈ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਬਿਆਨ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਨਾ ਹੀ ਕੋਈ ਪੋਸਟਮਾਰਟਮ ਕਰਵਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਜਿੰਨਾ ਚਿਰ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਓਨਾ ਚਿਰ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਐੱਸ. ਐੱਚ. ਓ. ਸੰਦੀਪ ਭਾਟੀ ਨੇ ਕਿਹਾ ਕਿ ਅਜੇ ਤੱਕ ਵਾਰਸਾਂ ਵੱਲੋਂ ਕੋਈ ਬਿਆਨ ਨਹੀਂ ਦਿੱਤੇ ਗਏ ਅਤੇ ਬਿਆਨ ਲੈਣ ਮਗਰੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


Related News