ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਆਤਮ ਹੱਤਿਆ
Thursday, Jun 06, 2019 - 09:05 PM (IST)

ਅਜਨਾਲਾ (ਵਰਿੰਦਰ)— ਸ਼ਹਿਰ ਤੋਂ ਥੋੜੀ ਦੂਰ ਪੈਂਦੇ ਪਿੰਡ ਗੁੱਜਰਪੁਰਾ ਦੀ ਇੱਕ ਵਿਆਹੁਤਾ ਵੱਲੋਂ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋਕੇ ਸਹੁਰੇ ਘਰ 'ਚ ਹੀ ਕੋਈ ਜ਼ਹਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮ੍ਰਿਤਕ ਲੜਕੀ ਸੁਖਬੀਰ ਕੌਰ ਦੇ ਪਿਤਾ ਮੁਖਤਾਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਧਾਰੀਵਾਲ ਬੱਗਾ ਨੇ ਅਜਨਾਲਾ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਸ ਦੀ ਲੜਕੀ ਦਾ ਵਿਆਹ 2011 'ਚ ਗੁਰਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਜਰਪੁਰਾ ਥੇਹ ਦੇ ਨਾਲ ਹੋਇਆ ਸੀ ਤੇ ਉਸ ਦੀ ਲੜਕੀ ਦੇ ਤਿੰਨ ਬੱਚੇ ਹਨ, ਜਿਨ੍ਹਾਂ 'ਚ ਦੋ ਲੜਕੀਆਂ ਤੇ ਇਕ ਲੜਕਾ ਹੈ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਲੜਕੀ ਸੁਖਬੀਰ ਕੌਰ ਨੂੰ ਉਸ ਦਾ ਸਹੁਰਾ ਪਰਿਵਾਰ ਘਰੇਲੂ ਕੰਮ ਕਾਰ ਨੂੰ ਲੈ ਕੇ ਤੰਗ ਪਰੇਸ਼ਾਨ ਕਰਨ ਲੱਗ ਪਿਆ ਸੀ ਤੇ ਕਈ ਵਾਰ ਉਹ ਖੁਦ ਅਤੇ ਕਈ ਵਾਰ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਨਾਲ ਲੈਕੇ ਆਪਣੇ ਜਵਾਈ ਤੇ ਉਸ ਦੇ ਮਾਤਾ-ਪਿਤਾ ਤੇ ਭੈਣ ਨੂੰ ਸਮਝਿਆ ਸੀ ਕਿ ਸੁਖਬੀਰ ਕੌਰ ਨੂੰ ਤੰਗ ਪਰੇਸ਼ਾਨ ਨਾ ਕਰਨ ਤੇ ਉਸ ਦਾ ਘਰ ਵੱਸਣ ਦੇਣ। ਇਸ ਲਈ ਉਸ ਨੇ ਤਰਲੇ ਮਿੰਨਤਾਂ ਵੀ ਕੀਤੀਆਂ। ਲੜਕੀ ਦੇ ਪਿਤਾ ਨੇ ਅੱਗੇ ਦੱਸਿਆ ਕਿ ਉਸ ਦੀ ਲੜਕੀ ਨੂੰ ਰਸੋਈ 'ਚ ਰੋਟੀ ਨਹੀਂ ਸੀ ਬਣਾਉਣ ਦਿੰਦੇ ਅਤੇ ਉਸ ਨੂੰ ਕਹਿੰਦੇ ਸਨ ਕਿ ਤੈਨੂੰ ਤਾਂ ਅਸੀਂ ਡੰਗਰਾਂ ਨੂੰ ਪੱਠੇ ਪਾਉਣ ਲਈ ਰੱਖਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਿਤੀ 4-6-19 ਨੂੰ ਸੁਖਬੀਰ ਕੌਰ ਇਕ ਵਾਰ ਫਿਰ ਰੋਂਦੀ ਹੋਈ ਆਪਣੇ ਪੇਕੇ ਘਰ ਆਈ, ਜਿਸ ਨੂੰ ਉਹ ਅਗਲੇ ਦਿਨ 5-6-19 ਮੁੜ ਉਸ ਦੇ ਸਹੁਰੇ ਘਰ ਛੱਡਣ ਨੂੰ ਗਿਆ ਤਾਂ ਲੜਕੀ ਦੇ ਪਤੀ ਗੁਰਬੀਰ ਸਿੰਘ, ਸਹੁਰਾ ਬਲਵਿੰਦਰ ਸਿੰਘ, ਸੱਸ ਪਾਲ ਕੌਰ ਤੇ ਨਨਾਣ ਜੋਤਾ ਚਾਰੇ ਜਾਣਿਆ ਨੇ ਮੇਰੇ ਅਤੇ ਮੇਰੀ ਲੜਕੀ ਦੇ ਗਲ ਪੈ ਗਏ ਅਤੇ ਇਹਨਾਂ ਮੇਰੀ ਅਤੇ ਮੇਰੀ ਬੇਟੀ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਲੜਕੀ ਨੂੰ ਸਮਝਾ ਕੇ ਉਸ ਦੇ ਸਹੁਰੇ ਘਰ ਛੱਡ ਕੇ ਤੁਰਨ ਲੱਗੇ ਤਾਂ ਲੜਕੀ ਨੇ ਕਿਹਾ ਕਿ ਮੇਰੇ ਕੋਲੋਂ ਇੰਨੀ ਬੇਇੱਜ਼ਤੀ ਸਹਾਰ ਨਹੀਂ ਹੁੰਦੀ ਮੈਂ ਇਨ੍ਹਾਂ ਤੋਂ ਦੁਖੀ ਹੋਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣੀ ਹੈ ਤੇ ਉਹ ਹੀ ਹੋਇਆ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੂੰ ਫੋਨ ਤੇ ਇਤਲਾਹ ਮਿਲੀ ਕਿ ਸੁਖਬੀਰ ਕੌਰ ਦੀ ਹਾਲਤ ਠੀਕ ਨਹੀ ਹੈਂ ਜਦ ਉਹ ਰਿਪਨ ਹਸਪਤਾਲ ਗੁਜਰਪੁਰਾ ਪਹੁੰਚੇ ਤਾਂ ਸੁਖੀਬਰ ਕੌਰ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਪੁਲਸ ਥਾਣਾ ਅਜਨਾਲਾ ਨੇ ਮ੍ਰਿਤਕ ਲੜਕੀ ਸੁਖਬੀਰ ਕੌਰ ਦੇ ਪਿਤਾ ਮੁਖਤਾਰ ਸਿੰਘ ਦੇ ਬਿਆਨਾਂ ਤੇ ਲੜਕੀ ਸੁਖਬੀਰ ਕੌਰ ਦੇ ਪਤੀ ਗੁਰਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ, ਸਹੁਰਾ ਬਲਵਿੰਦਰ ਸਿੰਘ ਪੁੱਤਰ ਨਰਿੰਜਨ ਸਿੰਘ, ਸੱਸ ਪਾਲ ਕੌਰ ਪਤਨੀ ਬਲਵਿੰਦਰ ਸਿੰਘ, ਨਨਾਣ ਜੋਤਾ ਪੁਤਰੀ ਬਲਵਿੰਦਰ ਸਿੰਘ ਵਿਰੋਧ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।