ਪੀੜਤ ਔਰਤਾਂ ਵੱਲੋਂ ਮੇਹਟੀਆਣਾ ਪੁਲਸ ਤੋਂ ਮਦਦ ਦੀ ਫਰਿਆਦ

Monday, Mar 05, 2018 - 04:52 AM (IST)

ਪੀੜਤ ਔਰਤਾਂ ਵੱਲੋਂ ਮੇਹਟੀਆਣਾ ਪੁਲਸ ਤੋਂ ਮਦਦ ਦੀ ਫਰਿਆਦ

ਹੁਸ਼ਿਆਰਪੁਰ, (ਅਮਰਿੰਦਰ)- ਸਿਵਲ ਹਸਪਤਾਲ 'ਚ ਦਾਖਲ ਜ਼ਿਲੇ ਦੇ ਖਨੌੜਾ ਪਿੰਡ ਦੀਆਂ ਔਰਤਾਂ ਸੁਰਿੰਦਰ ਕੌਰ ਅਤੇ ਉਸ ਦੀਆਂ ਨੂੰਹਾਂ ਰੇਖਾ ਤੇ ਕਰਮਜੀਤ ਕੌਰ ਨੇ ਰੋਂਦੇ ਹੋਏ ਪੁਲਸ ਤੋਂ ਮਦਦ ਦੀ ਫਰਿਆਦ ਕੀਤੀ ਹੈ। 
ਉਨ੍ਹਾਂ ਦੋਸ਼ ਲਾਇਆ ਕਿ ਇਕ ਤਾਂ ਦੋਸ਼ੀ ਸਾਡੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਅਤੇ ਉੱਪਰੋਂ ਪੁੱਛਣ 'ਤੇ ਕੁੱਟ-ਮਾਰ ਕੇ ਜ਼ਖ਼ਮੀ ਕਰ ਦਿੱਤਾ। ਦੂਜੇ ਪਾਸੇ ਮੇਹਟੀਆਣਾ ਪੁਲਸ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਕੁੱਟ-ਮਾਰ ਤੋਂ ਬਾਅਦ ਦੋਵਾਂ ਧਿਰਾਂ ਦੇ ਲੋਕ ਹਸਪਤਾਲ 'ਚ ਦਾਖਲ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗਰਭਵਤੀ ਔਰਤ ਵੀ ਹੋਈ ਕੁੱਟ-ਮਾਰ ਦੀ ਸ਼ਿਕਾਰ : ਸਿਵਲ ਹਸਪਤਾਲ 'ਚ ਦਾਖਲ ਬਜ਼ੁਰਗ ਔਰਤ ਸੁਰਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਿੰਡ ਕੇਹੀ ਦਾ ਇਕ ਨੌਜਵਾਨ ਉਸ ਦੀ ਜਵਾਨ ਧੀ ਨੂੰ ਵਰਗਲਾ ਕੇ ਭਜਾ ਕੇ ਲੈ ਗਿਆ। ਸ਼ਨੀਵਾਰ ਦੇਰ ਸ਼ਾਮ ਉਕਤ ਨੌਜਵਾਨ ਦੇ ਤਾਏ ਨੂੰ ਆਪਣੀ ਧੀ ਬਾਰੇ ਪੁੱਛਣ 'ਤੇ ਉਨ੍ਹਾਂ ਉਸ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ। 
ਬਚਾਅ ਲਈ ਅੱਗੇ ਆਈਆਂ ਮੇਰੀਆਂ ਦੋਵਾਂ ਨੂੰਹਾਂ ਨਾਲ ਵੀ ਉਨ੍ਹਾਂ ਕੁੱਟ-ਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਦੋਸ਼ੀਆਂ ਨੇ ਮੇਰੀ ਨੂੰਹ ਕਰਮਜੀਤ, ਜੋ 4 ਮਹੀਨੇ ਦੀ ਗਰਭਵਤੀ ਹੈ, ਨੂੰ ਵੀ ਜ਼ਖ਼ਮੀ ਕਰ ਦਿੱਤਾ।
ਕੀ ਕਹਿੰਦੇ ਹਨ ਐੱਸ.ਐੱਚ.ਓ. : ਇਸ ਸਬੰਧੀ ਐੱਸ.ਐੱਚ.ਓ. ਪ੍ਰਮੋਦ ਕੁਮਾਰ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਦੀ ਜਾਂਚ ਦੇ ਆਧਾਰ 'ਤੇ ਪੁਲਸ ਲੜਕੀ ਦੀ ਭਾਲ ਅਤੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਕੁੱਟ-ਮਾਰ 'ਚ ਦੋਵਾਂ ਧਿਰਾਂ ਦੇ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News