ਸ਼ਹੀਦ ਜਗਤਾਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ, ਪਿੰਡ ਵਾਲੇ ਬੋਲ ''ਨਹੀਂ ਭੁੱਲਾਂਗੇ ਕੁਰਬਾਨੀ''

Thursday, Sep 03, 2026 - 05:50 PM (IST)

ਸ਼ਹੀਦ ਜਗਤਾਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ, ਪਿੰਡ ਵਾਲੇ ਬੋਲ ''ਨਹੀਂ ਭੁੱਲਾਂਗੇ ਕੁਰਬਾਨੀ''

ਬਰੇਟਾ (ਬਾਂਸਲ) : ਭਾਰਤੀ ਫੌਜ ਦੇ ਜਵਾਨ ਜਗਤਾਰ ਸਿੰਘ (41) ਦੀ ਮਹਾਰਾਸ਼ਟਰ (ਪੂਨੇ) ਵਿਚ ਡਿਊਟੀ ਦੌਰਾਨ ਇਕ ਸੜਕ ਹਾਦਸੇ ਵਿਚ ਦੁਖਦਾਈ ਮੌਤ ਹੋ ਗਈ। ਇਸ ਖ਼ਬਰ ਨੇ ਪਿੰਡ ਦਿਆਲਪੁਰਾ ਵਿਚ ਸੋਗ ਦੀ ਲਹਿਰ ਦੌੜ ਗਈ। ਜਗਤਾਰ ਸਿੰਘ ਦੇਸ਼ ਸੇਵਾ ਵਿਚ ਤਾਇਨਾਤ ਸਨ ਅਤੇ ਆਪਣੇ ਫਰਜ਼ਾਂ ਨੂੰ ਬਾਖ਼ੂਬੀ ਨਿਭਾ ਰਹੇ ਸਨ, ਜਗਤਾਰ ਸਿੰਘ ਨੂੰ ਸ਼ੁਰੂ ਤੋਂ ਹੀ ਫੌਜ ਵਿਚ ਭਰਤੀ ਹੋਣ ਦਾ ਜਾਨੂੰਨ ਸੀ। ਇਹ ਸੁਫਨਾ ਉਸਦਾ 2005 ਵਿਚ ਪੂਰਾ ਹੋਇਆ। ਸ਼ਹੀਦ ਦੀ ਦੇਹ ਨੂੰ ਪੂਰੇ ਸਨਮਾਨ ਨਾਲ ਉਨ੍ਹਾਂ ਦੇ ਜੱਦੀ ਪਿੰਡ ਦਿਆਲਪੁਰਾ ਲਿਆਂਦਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। 

ਪੁਲਸ ਅਤੇ ਫੌਜ ਦੇ ਜਵਾਨਾਂ ਨੇ ਸਲਾਮੀ ਦੇ ਕੇ ਸ਼ਹੀਦ ਨੂੰ ਆਖਰੀ ਵਿਦਾਇਗੀ ਦਿੱਤੀ। ਸਰਕਾਰੀ ਸਨਮਾਨਾਂ ਨਾਲ ਪਿੰਡ ਵਿਚ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ "ਜਗਤਾਰ ਸਿੰਘ ਅਮਰ ਰਹੇ" ਦੇ ਨਾਅਰੇ ਲਗਾਏ ਅਤੇ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਸਥਾਨਕ ਆਗੂਆਂ ਨੇ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ। ਪੂਰਾ ਪਿੰਡ ਇਸ ਵੇਲੇ ਸੋਗ ਵਿਚ ਡੁੱਬਿਆ ਹੋਇਆ ਹੈ ਅਤੇ ਸ਼ਹੀਦ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣ ਦਾ ਪ੍ਰਣ ਲਿਆ ਗਿਆ। ਸ਼ਹੀਦ ਜਗਤਾਰ ਸਿੰਘ ਆਪਣੇ ਪਿੱਛੇ ਦੋ ਛੋਟੇ ਬੱਚੇ‌ ਅਤੇ ਪਤਨੀ ਤੋਂ ਇਲਾਵਾ ਮਾਤਾ ਪਿਤਾ ਛੱਡ ਗਿਆ ਹੈ।


author

Gurminder Singh

Content Editor

Related News