ਖੇਤੀਬਾੜੀ ਵਿੱਚ ਸਫਲਤਾ ਦਾ ਰਾਹ ਦਸੇਰਾ

05/16/2019 12:54:37 PM

ਜਲੰਧਰ—ਖੇਤੀਬਾੜੀ ਦੇ ਵਿਕਾਸ ਲਈ ਰਾਹ ਦਸੇਰੇ ਕਿਸਾਨ ਖੇਤੀ ਦੇ ਵਿਕਾਸ ਵਿੱਚ ਚਾਨਣ ਮੁਨਾਰੇ ਹੋਣ ਦੇ ਨਾਲ-ਨਾਲ ਅਜਿਹੇ ਪੂਰਨੇ ਪਾਉਂਦੇ ਹਨ, ਜਿਹਨਾ ਤੇ ਚੱਲ ਕਿ ਵਿਕਾਸ ਦੀਆਂ ਪੈੜਾਂ ਨੂੰ ਮਜਬੂਤ ਕੀਤਾ ਜਾ ਸਕਦਾ ਹੈ। ਅੱਜ ਦੀ ਖੇਤੀ ਵਿੱਚ ਸਫਲਤਾ ਦੀ ਕਸੋਟੀ ਹੈ “ਕੁਦਰਤੀ ਵਸੀਲੀਆਂ ਦੀ ਰਾਖੀ ਕਰਨਾ ਅਤੇ ਆਪਣੀ ਖੇਤੀ ਤੋਂ ਵਧੇਰੇ ਨਿਰੋਲ ਆਮਦਨ ਹਾਸਿਲ ਕਰਨਾ''। ਅੱਜ ਇਸ ਲੇਖ ਰਾਂਹੀ ਅਜਿਹੇ ਹੀ ਇਕ ਅਗਾਂਹਵਧੂ ਕਿਸਾਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਨੇ ਖੇਤੀ ਦੀ ਰਹਿੰਦ-ਖੂਹੰਦ ਦੀ ਸੰਭਾਲ ਵਿੱਚ ਨਵੇਂ ਮਾਪ ਦੰਡ ਸਥਾਪਿਤ ਕੀਤੇ ਹਨ। ਸ਼੍ਰੀ ਪ੍ਰਦੂਮਨ ਸਿੰਘ ਪਿੰਡ ਨਗਰ ਬਲਾਕ ਫਿਲ਼ੌਰ ਦੇ ਵਸਨੀਕ ਇਸ ਕਿਸਾਨ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਵੱਖ-ਵੱਖ ਮੰਚਾ ਰਾਂਹੀ ਸਨਮਾਨਿਤ ਵੀ ਕੀਤਾ ਗਿਆ ਹੈ।ਪਿਛਲੇ 12 ਸਾਲਾ ਤੋਂ ਇਹ ਕਿਸਾਨ ਕਣਕ ਦੀ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਗਾਏ ਕਾਮਯਾਬ ਖੇਤੀ ਕਰ ਰਿਹਾ ਹੈ।ਸਾਲ 2007 ਵਿੱਚ ਹੈਪੀ ਸੀਡਰ ਮਸ਼ੀਨ ਦੇ ਸ਼ੂਰੁਆਤੀ ਦੌਰ ਵਿੱਚ ਜਦੋਂ ਕਿ ਆਮ ਕਿਸਾਨਾ ਕੋਲ ਇਸ ਮਸ਼ੀਨ ਬਾਰੇ ਜਾਣਕਾਰੀ ਦੀ ਬੇਹੱਦ ਕਮੀ ਸੀ, ਉਸ ਵੇਲੇ ਇਸ ਕਿਸਾਨ ਨੇ ਵਿਭਾਗ ਵੱਲੋਂ ਮਿਲੀ ਹੱਲਾਸ਼ੇਰੀ ਕਰਕੇ ਹੈਪੀ ਸੀਡਰ ਮਸ਼ੀਨ ਰਾਂਹੀ ਕਣਕ ਦੀ ਬਿਜਾਈ ਕੀਤੀ। ਝੋਨੇ ਦੀ ਪਰਾਲੀ ਦੇ ਖੜੇ ਮੁੱਢਾਂ ਵਿੱਚ ਮਸ਼ੀਨ ਨਾਲ ਕੀਤੀ ਗਈ ਕਣਕ ਦੀ ਬਿਜਾਈ ਦੇ ਤਜਰਬਿਆ ਬਾਰੇ ਇਲਾਕੇ ਦੇ ਕਿਸਾਨਾ ਨੇ ਇਸ ਕਿਸਾਨ ਨੂੰ ਕਈ ਕਲੋਲ ਵੀ ਕਰਨੇ ਅਤੇ ਇਹ ਮਹਿਣਾ ਵੀ ਮਾਰਨਾ ਕਿ ਇਸ ਕਿਸਾਨ ਦਾ ਦਿਮਾਗ ਫਿਰ ਗਿਆ ਹੈ ਪਰ ਇਸ ਕਿਸਾਨ ਨੇ ਝੋਨੇ ਦੀ ਪਰਾਲੀ ਦੇ ਸਾੜਨ ਕਾਰਨ ਹੋ ਰਹੇ ਵਾਤਾਵਰਨ ਦੇ ਪ੍ਰਦੂਸ਼ਨ, ਮਨੁੱਖੀ ਬਿਮਾਰੀਆਂ ਅਤੇ ਸੜਕਾਂ ਤੇ ਹੁੰਦੇ ਹਾਦਸਿਆਂ ਕਰਕੇ ਪਰਵਾਹ ਨਾ ਕਰਦੇ ਹੋਏ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ।ਕਿਸਾਨ ਅਨੁਸਾਰ ਪਹਿਲੇ ਸਾਲ ਕਣਕ ਦੀ ਹੈਪੀ ਸੀਡਰ ਮਸ਼ੀਨ ਨਾਲ ਬਿਜਾਈ ਤੋਂ ਬਾਅਦ ਅਤੇ ਕਣਕ ਦੇ ਘੱਟ ਜੰਮ ਕਰਕੇ ਉਸ ਨੂੰ ਵੀ ਇੰਝ ਲਗਾ ਜਿਵੇ ਕਿ ਉਸਨੇ ਗਲਤੀ ਕਰ ਲਈ ਹੈ ਪਰ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਉਸ ਨੂੰ ਹੌਸਲਾਂ ਨਾ ਛੱਡਣ ਦੇ ਦਿੱਤੇ ਭਰੋਸੇ ਕਰਕੇ ਉਸ ਨੇ ਇੰਤਜ਼ਾਰ ਕੀਤਾ ਤੇ ਜ਼ੁਬਾਨ ਵਿੱਚ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਤਾਰੀਫ ਖੁਲ ਕਿ ਉਸ ਵਕਤ ਹੋਈ ਜਦੋਂ ਹੈਪੀ ਸੀਡਰ ਮਸ਼ੀਨ ਨਾਲ ਬੀਜੀ ਕਣਕ ਦਾ ਝਾੜ ਪ੍ਰਾਪਤ ਕੀਤਾ ਗਿਆ।ਕਿਸਾਨ ਅਨੁਸਾਰ ਇਸ ਤਰਾਂ ਨਾਲ ਪਿੰਡ ਨਗਰ ਅਤੇ ਇਸ ਦੇ ਆਲੇ-ਦੁਆਲੇ ਦੇ ਵਸਨੀਕਾਂ ਨੂੰ ਕਣਕ ਦੀ ਬਗੈਰ ਝੋਨੇ ਦੀ ਪਰਾਲੀ ਨੂੰ ਸਾੜੇ ਹੈਪੀ ਸੀਡਰ ਮਸ਼ੀਨ ਰਾਂਹੀ ਬਿਜਾਈ ਦੀ ਜਾਗ ਲੱਗੀ। ਕਿਸਾਨ ਵੱਲੋਂ ਝੋਨੇ ਦੀ ਪਰਾਲੀ ਹੀ ਨਹੀ ਬਲਕਿ ਕਣਕ ਦੀ ਨਾੜ ਨੂੰ ਵੀ ਜ਼ਮੀਨ ਵਿੱਚ ਵਾਹੁਣ ਲਈ ਉਪਰਾਲੇ ਕੀਤੇ ਜਾਣ ਲੱਗ ਪਏ।

PunjabKesari

ਸ਼੍ਰੀ ਪ੍ਰਦੁਮਨ ਸਿੰਘ ਦੇ ਹੈਪੀ ਸੀਡਰ ਵਿੱਚ ਆਪਣੇ ਪੱਕੇ ਯਕੀਨ ਤੋਂ ਬਾਅਦ ਕਿਸਾਨ ਨੇ ਫਿਰ ਪਿੱਛੇ ਮੁੜ ਕਿ ਨਹੀ ਵੇਖਿਆ ਕਿਸਾਨ ਵੱਲੋਂ ਅਪਣੇ 60 ਖੇਤਾਂ ਵਿੱਚ ਕਣਕ ਦੀ ਬਿਜਾਈ ਕਰਨ ਉਪਰੰਤ ਪਿੰਡ ਦੇ ਦੂਜੇ ਕਿਸਾਨਾ ਨੂੰ ਅਪਣੀ ਖੁਦ ਦੀ ਮਸ਼ੀਨ ਨਾਲ ਕਣਕ ਦੀ ਬਿਜਾਈ ਅਤੇ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਗਈਆਂ।ਕਿਸਾਨ ਅਪਣੇ ਤਜਰਬਿਆਂ ਰਾਹੀਂ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕਰਨ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਅਤੇ ਪਾਣੀ ਨੂੰ ਸੰਭਾਲਣ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ।ਕਿਸਾਨ ਅਪਣੇ ਤਜਰਬਿਆਂ ਰਾਹੀਂ ਇਸ ਗੱਲ ਬਾਰੇ ਵੀ ਕਹਿੰਦਾ ਹੈ ਕਿ ਜਿਸ ਖੇਤ ਵਿੱਚ ਝੋਨੇ ਦੇ ਖੜੇ ਪਰਾਲ ਵਿੱਚ ਹੈਪੀ ਸੀਡਰ ਰਾਂਹੀ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਉਸ ਖੇਤ ਵਿੱਚ ਨਦੀਨਾਂ ਦੀ ਸਮਸਿਆ ਦਾ ਵੀ ਨਿਪਟਾਰਾ ਹੁੰਦਾ ਹੈ।ਅੱਜ ਸਮੁੱਚਾ ਪਿੰਡ ਝੋਨੇ ਦੀ ਪਰਾਲੀ ਨੁੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕਰਦਾ ਹੈ। ਸ੍ਰੀ ਪ੍ਰਦੂਮਨ ਸਿੰਘ ਵੱਲੋਂ ਪਾਏ ਗਏ ਪੂਰਨਿਆਂ ਤੇ ਚੱਲਦੇ ਹੋਏ ਪਿੰਡ ਦੀ ਸਹਿਕਾਰੀ ਸਭਾ ਵਿੱਚ ਵੀ ਹੈਪੀ ਸੀਡਰ, ਮਲਚਰ ਆਦਿ ਵਰਗੀਆਂ ਮਸ਼ੀਨਾ ਕਿਰਾਏ ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

PunjabKesari

ਸ਼੍ਰੀ ਪ੍ਰਦੁਮਨ ਸਿੰਘ ਵੱਲੋਂ ਕੀਤੇ ਉਦਮਾਂ ਨੂੰ ਇੱਕ ਵਖਰੇ ਸੰਦਰਭ ਵਿੱਚ ਵੇਖਣ ਦੀ ਜਰੂਰਤ ਹੈ ਕਿਸੇ ਵੀ ਤਕਨੀਕ ਦੇ ਪ੍ਰਚਾਰ ਲਈ ਪ੍ਰਸਾਰ ਮਾਹਿਰਾਂ ਦੀ ਹੱਲਾਸ਼ੇਰੀ ਅਤੇ ਸਬੰਧਤ ਕਿਸਾਨ ਨਾਲ ਜੁੜੇ ਰਹਿਣ ਨਾਲ ਹੀ ਇੱਕ ਉਸਾਰੂ ਸੁਨੇਹਾ ਸਮਾਜ ਨੂੰ ਮਿਲਣ ਦੀਆਂ ਸੰਭਾਵਨਾਵਾਂ ਬਣਦੀਆਂ ਹਨ, ਜੋ ਕਿ ਇਸ ਸਫਲਤਾ ਦੀ ਕਹਾਣੀ ਤੋਂ ਸਪਸ਼ਟ ਹੈ।ਅੱਜ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਦੇ ਪ੍ਰਚਾਰ ਪ੍ਰਸਾਰ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸ਼੍ਰੀ ਪ੍ਰਦੂਮਨ ਸਿੰਘ ਦੀ ਇਸ ਸਫਲਤਾ ਦੀ ਕਹਾਣੀ ਖੇਤੀ ਪ੍ਰਸਾਰ ਮਾਹਿਰਾਂ ਲਈ ਚਾਨਣ ਮੁਨਾਰਾ ਹੋ ਨਿਬੜੀ ਹੈ।ਇਸ ਸਫਲ ਕਹਾਣੀ ਰਾਂਹੀ ਪਾਈਆਂ ਗਈਆਂ ਪੈੜਾ ਤੋਂ ਸਾਨੂੰ ਵੀ ਸਬਕ ਸਿੱਖਣ ਦੀ ਜਰੂਰਤ ਹੈ, ਸਾਨੂੰ ਚਾਹੀਦਾ ਹੈ ਕਿ ਖੇਤੀਬਾੜੀ ਦੀ ਰਹਿੰਦ-ਖੂੰਹਦ ਦੀ ਸਹੀ ਸੰਭਾਲ ਕਰਦੇ ਹੋਏ ਅਸੀ ਅਪਣੀ ਜ਼ਮੀਨ ਨੂੰ ਜਰਖੇਜ ਬਣਾਈਏ। ਇਸ ਮਕਸਦ ਲਈ ਨਵੀਆਂ ਤਕਨੀਕਾਂ ਨੂੰ ਅਪਣਾਉਣ ਪ੍ਰਤੀ ਉਸਾਰੂ ਅਤੇ ਬੇਝਿੱਜਕ ਸੋਚ ਨੂੰ ਹੱਲਾ ਸ਼ੇਰੀ ਦੇਣ ਦੀ ਜਰੂਰਤ ਹੈ। ਇਸ ਸਬੰਧੀ ਕੀਤੀ ਜਾਂਦੀ ਥੋੜੀ ਜਿਹੀ ਮਿਹਨਤ ਅਤੇ ਖਰਚ ਕੀਤੀ ਜਾਂਦੀ ਰਾਸ਼ੀ ਤੋਂ ਬਿਲਕੁਲ ਨਾ ਘਬਰਾਈਏ ਬਲਕਿ ਇਸ ਨੂੰ ਅਪਣਾ ਫਰਜ ਸਮਝਦੇ ਹੋਏ ਅਪਣੀ ਖੇਤੀ ਨੂੰ ਮੁੜ ਲੀਹਾਂ ਤੇ ਪਾਉਣ ਲਈ ਅੱਗੇ ਕਦਮ ਵਧਾਈਏ।
* ਡਾ. ਨਰੇਸ਼ ਕੁਮਾਰ ਗੁਲਾਟੀ
* ਖੇਤੀਬਾੜੀ ਅਫਸਰ (ਬੀਜ)


Iqbalkaur

Content Editor

Related News