120 ਕਰੋੜ ਦੇ ਵਿਕਾਸ ਕਾਰਜਾਂ ਦੀ ਟੈਂਡਰ ਫਾਈਲ ਦੀ ਗੁੰਮਸ਼ੁਦਗੀ ਬਣੀ ਚਰਚਾ ਦਾ ਵਿਸ਼ਾ

Monday, Oct 23, 2017 - 07:51 AM (IST)

120 ਕਰੋੜ ਦੇ ਵਿਕਾਸ ਕਾਰਜਾਂ ਦੀ ਟੈਂਡਰ ਫਾਈਲ ਦੀ ਗੁੰਮਸ਼ੁਦਗੀ ਬਣੀ ਚਰਚਾ ਦਾ ਵਿਸ਼ਾ

ਤਰਨਤਾਰਨ, (ਰਮਨ)- ਅਕਾਲੀ-ਭਾਜਪਾ ਦੀ ਗਠਜੋੜ ਵਾਲੀ ਪੁਰਾਣੀ ਸਰਕਾਰ ਵੱਲੋਂ ਤਰਨਤਾਰਨ ਸ਼ਹਿਰ ਦੇ ਵਿਕਾਸ ਲਈ ਜਾਰੀ ਕੀਤੀ 120 ਕਰੋੜ ਦੀ ਗ੍ਰਾਂਟ ਵਿਚ ਹੋਏ ਕਥਿਤ ਘਪਲਿਆਂ ਦੀ ਜਾਂਚ ਮੁਕੰਮਲ ਹੁੰਦਿਆਂ ਹੀ ਟੈਂਡਰ ਲੈਣ ਵਾਲੇ ਠੇਕੇਦਾਰਾਂ ਨੂੰ ਦੌੜ-ਭੱਜ ਪੈਂਦੀ ਨਜ਼ਰ ਆ ਰਹੀ ਹੈ ਕਿਉਂਕਿ ਨਗਰ ਕੌਂਸਲ ਦਫਤਰ ਵਿਚੋਂ ਟੈਂਡਰਾਂ ਵਾਲੀ ਫਾਈਲ ਦੀ ਗੁੰਮਸ਼ੁਦਗੀ ਦਾ ਭੇਦ ਵੀ ਹੁਣ ਜਗ-ਜ਼ਾਹਿਰ ਹੋ ਰਿਹਾ ਹੈ।
ਤਰਨਤਾਰਨ ਸ਼ਹਿਰ ਦੀਆਂ ਗਲੀਆਂ ਦਾ ਨਵੀਨੀਕਰਨ ਕਰਨ, ਨਵੀਆਂ ਸੜਕਾਂ ਬਣਾਉਣ, ਇੰਟਰਲਾਕ ਟਾਈਲਾਂ ਲਾਉਣ ਤੇ ਸਮੁੱਚੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਲਈ ਸਰਕਾਰ ਵੱਲੋਂ 85 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਸੀ, ਜਦ ਕਿ 100 ਫੀਸਦੀ ਸੀਵਰੇਜ ਵਿਵਸਥਾ ਅਤੇ ਵਾਟਰ ਸਪਲਾਈ ਲਈ 34 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਉਸ ਸਮੇਂ ਨਗਰ ਕੌਂਸਲ 'ਤੇ ਕਾਬਜ਼ ਧਿਰ ਵੱਲੋਂ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਨਿਯਮਾਂ ਨੂੰ ਛਿੱਕੇ ਟੰਗ ਕੇ ਟੈਂਡਰ ਜਾਰੀ ਕਰ ਦਿੱਤੇ ਗਏ। ਉਕਤ ਟੈਂਡਰ ਗਠਜੋੜ ਨਾਲ ਸਬੰਧਤ ਖਾਸ ਧਿਰ ਨੂੰ ਜਾਰੀ ਕਰਨ ਨਾਲ ਵੱਡੇ ਪੱਧਰ 'ਤੇ ਘਪਲੇ ਕੀਤੇ ਗਏ। ਪੁਰਾਣੇ ਹੋਏ ਕੰਮਾਂ ਨੂੰ ਨਵੇਂ ਕੰਮਾਂ ਵਿਚ ਸ਼ੋਅ ਕਰ ਕੇ ਵੱਡੇ ਪੱਧਰ 'ਤੇ ਜਿੱਥੇ ਸਰਕਾਰੀ ਗ੍ਰਾਂਟਾਂ ਵਿਚ ਹੇਰਾ-ਫੇਰੀ ਕੀਤੀ ਗਈ, ਉਥੇ ਸਰਕਾਰ ਨੂੰ ਵੱਡੇ ਪੱਧਰ 'ਤੇ ਚੂਨਾ ਲਾਇਆ ਗਿਆ। 
ਪੰਜਾਬ ਵਿਚ ਸੱਤਾ ਪਰਿਵਰਤਨ ਹੁੰਦੇ ਹੀ ਸ਼ਹਿਰ ਵਾਸੀਆਂ ਦੀ ਮੰਗ 'ਤੇ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਵੱਲੋਂ ਟੈਂਡਰਾਂ ਅਤੇ ਵਿਕਾਸ ਕਾਰਜਾਂ ਵਿਚ ਹੋਏ ਘਪਲਿਆਂ ਦੀ ਜਾਂਚ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹਰੀ ਝੰਡੀ ਲਈ ਗਈ। ਉਕਤ ਜਾਂਚ ਸ਼ੁਰੂ ਹੁੰਦਿਆਂ ਹੀ ਨਗਰ ਕੌਂਸਲ ਦਫਤਰ ਦੀ ਟੈਂਡਰਾਂ ਵਾਲੀ ਉਹ ਫਾਈਲ ਲਾਪਤਾ ਹੋ ਗਈ, ਜਿਸ ਵਿਚ ਵਿਸ਼ੇਸ਼ ਕੰਪਨੀ ਨੂੰ ਟੈਂਡਰ ਜਾਰੀ ਕੀਤੇ ਗਏ ਸਨ। ਹਾਲਾਂਕਿ ਉਕਤ ਟੈਂਡਰ ਲੈਣ ਲਈ ਕਈ ਹੋਰ ਕੰਪਨੀਆਂ ਵੀ ਇੱਛੁਕ ਸਨ। ਜਾਂਚ ਟੀਮ ਵੱਲੋਂ ਘਪਲਿਆਂ ਸਬੰਧੀ ਰਿਪੋਰਟ ਤਿਆਰ ਕਰਨ ਦੀਆਂ ਕਨਸੋਆਂ ਮਿਲਦਿਆਂ ਹੀ ਉਸ ਸਮੇਂ ਦੀ ਸੱਤਾਧਾਰੀ ਧਿਰ ਦੇ ਉਨ੍ਹਾਂ ਕੌਂਸਲਰਾਂ ਦੀ ਨੀਂਦ ਹਰਾਮ ਹੋ ਗਈ ਹੈ, ਜਿਹੜੇ ਵਿਸ਼ੇਸ਼ ਕੰਪਨੀ ਨੂੰ ਟੈਂਡਰ ਦਿਵਾਉਣ ਵਿਚ ਹਿੱਸੇਦਾਰ ਰਹੇ ਹਨ।
ਵਿਕਾਸ ਦੇ ਨਾਂ 'ਤੇ ਹੋਏ ਘਪਲਿਆਂ ਦੀ ਜਾਂਚ ਮੁਕੰਮਲ : ਡਾ. ਅਗਨੀਹੋਤਰੀ 
ਹਲਕਾ ਵਿਧਾਇਕ ਧਰਮਵੀਰ ਅਗਨੀਹੋਤਰੀ ਦੇ ਲੜਕੇ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਸੰਦੀਪ ਅਗਨੀਹੋਤਰੀ ਨੇ ਦੱਸਿਆ ਕਿ 120 ਕਰੋੜੀ ਵਿਕਾਸ ਕਾਰਜਾਂ ਵਿਚ ਹੋਏ ਘਪਲਿਆਂ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਹਲਕਾ ਵਿਧਾਇਕ ਵੱਲੋਂ ਜਲਦ ਹੀ ਰਿਪੋਰਟ ਨੂੰ ਜਨਤਕ ਕੀਤਾ ਜਾ ਰਿਹਾ ਹੈ ਤਾਂ ਜੋ ਘਪਲੇ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਰਵਾਈ ਅਮਲ ਵਿਚ ਲਿਆਂਦੀ ਜਾ ਸਕੇ।  


Related News