ਜੇਲ ''ਚ ਬੰਦ ਗੈਂਗਸਟਰਾਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਸਬ ਇੰਸਪੈਕਟਰ ਗ੍ਰਿਫਤਾਰ

02/19/2020 3:49:46 PM

ਸੰਗਰੂਰ (ਬੇਦੀ)— ਜੇਲ ਵਿਭਾਗ ਦੇ ਮੁਲਾਜ਼ਮਾਂ ਨੇ ਇਕ ਸਬ ਇੰਸਪੈਕਟਰ ਨੂੰ ਜੇਲ 'ਚ ਬੰਦ ਗੈਂਗਸਟਰਾਂ ਨੂੰ ਨਸ਼ਾ ਸਪਲਾਈ ਕਰਨ ਜਾਂਦੇ ਸਮੇਂ ਕਾਬੂ ਕਰਕੇ ਉਸ ਪਾਸੋਂ 20 ਗ੍ਰਾਮ ਸਮੈਕ ਤੇ 3 ਗ੍ਰਾਮ ਸੁਲਫਾ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਉਕਤ ਸਬ ਇੰਸਪੈਕਟਰ ਦੀ ਇਨ੍ਹਾਂ ਗੈਂਗਸਟਰਾਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੀ।

ਇਸ ਸਬੰਧੀ ਜ਼ਿਲਾ ਜੇਲ ਸੰਗਰੂਰ ਦੇ ਸੁਪਰਡੈਂਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ  ਪ੍ਰੀਤਪਾਲ ਸਿੰਘ ਜੇਲ ਦੇ ਗੈਂਗਸਟਰਾਂ ਲਈ ਬਣਾਏ ਵਿਸ਼ੇਸ਼ ਅਹਾਤੇ ਤਾਇਨਾਤ ਸੀ ਅਤੇ ਉਸ ਨਾਲ 12 ਹੋਰ ਪੰਜਾਬ ਪੁਲਸ ਦੇ ਮੁਲਾਜ਼ਮ ਸਨ। ਉਹ ਇਨ੍ਹਾਂ ਦਾ ਇੰਚਾਰਜ ਸੀ। ਉਨ੍ਹਾਂ ਦੱਸਿਆ ਕਿ ਜੇਲ ਵਿਭਾਗ ਦੇ ਕਰਮਚਾਰੀਆਂ ਨੂੰ ਸ਼ੱਕ ਸੀ ਕਿ ਗੈਂਗਸਟਰਾਂ ਦੇ ਅਹਾਤੇ 'ਚ ਕੋਈ ਨਸ਼ਾ ਸਪਲਾਈ ਕਰਨ ਦੀ ਤਾਕ 'ਚ ਹੈ।

ਅੱਜ ਜੇਲ ਦੀ ਮੁੱਖ ਡਿਉਢੀ ਉੱਤੇ ਤਾਇਨਾਤ ਹੈੱਡ ਵਾਰਡਨ ਜੋਗਿੰਦਰ ਸਿੰਘ ਜਿਨ੍ਹਾਂ ਨੂੰ ਸਬ ਇੰਸਪੈਕਟਰ 'ਤੇ ਸ਼ੱਕ ਸੀ ਅਤੇ ਸਬ ਇੰਸਪੈਕਟਰ ਪ੍ਰੀਤਪਾਲ ਦੀ ਪੱਗ ਦੀ ਤਲਾਸ਼ੀ ਦੌਰਾਨ ਪੋਲੀਥਿਨ 'ਚੋਂ ਤਕਰੀਬਨ 20 ਗ੍ਰਾਮ ਸਮੈਕ ਅਤੇ 2 ਗ੍ਰਾਮ ਸੁੱਲਫਾ ਬਰਾਮਦ ਹੋ ਗਿਆ।

ਡੀ. ਐੱਸ. ਪੀ. ਮਨਜੀਤ ਸਿੰਘ ਅਤੇ ਮੁਖ ਅਫਸਰ ਥਾਣਾ ਸਿਟੀ ਇਕ ਦੇ ਇੰਸਪੈਕਟਰ ਪ੍ਰੀਤਪਾਲ ਸਿੰਘ ਨੇ ਜੇਲ ਪੁੱਜ ਕੇ ਬਿਆਨ ਕਲਮਬੱਧ ਕਰਨ ਉਪਰੰਤ ਸੰਬੰਧਤ ਸਬ-ਇੰਸਪੈਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਕਤ ਸਬ ਇੰਸਪੈਕਟਰ ਨੈਸ਼ਨਲ ਪੱਧਰ ਦਾ ਖਿਡਾਰੀ ਹੋਣ ਦੇ ਨਾਲ-ਨਾਲ ਜਿਲੇ ਦੇ ਇਕ ਥਾਣੇ 'ਚ ਐੱਸ. ਐੱਚ. ਓ. ਵਰਗੇ ਅਹੁਦੇ 'ਤੇ ਵੀ ਡਿਊਟੀ ਨਿਭਾ ਚੁੱਕਾ ਹੈ ਅਤੇ ਉਸ ਦੀ ਜੇਲ 'ਚ ਤਾਇਨਾਤੀ ਹਾਲੇ ਡੇਢ ਕੁ ਮਹੀਨਾ ਪਹਿਲਾਂ ਹੀ ਹੋਈ ਸੀ।


shivani attri

Content Editor

Related News