ਜਲੰਧਰ: ਸਬ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ (ਵੀਡੀਓ)
Sunday, Jun 02, 2019 - 11:57 AM (IST)
ਜਲੰਧਰ (ਸੋਨੂੰ)— ਪੰਜਾਬ ਪੁਲਸ ਦੇ ਸਬ ਇੰਸਪੈਕਟਰ ਦੀ ਬੀਤੀ ਦੇਰ ਰਾਤ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਲੱਗਣ ਦੌਰਾਨ ਜ਼ਖਮੀ ਸਬ ਇੰਸਪੈਕਟਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ, ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਅਤੇ ਥਾਣਾ ਭਾਰਗਵ ਕੈਂਪ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਘਟਨਾ ਸਬੰਧੀ ਜਾਇਜ਼ਾ ਲਿਆ।
ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਭਾਰਗਵ ਕੈਂਪ ਦੇ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਗੋਲੀ ਚੱਲਣ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ। ਜਾਂਚ ਅਧਿਕਾਰੀ ਥਾਣਾ ਭਾਰਗਵ ਕੈਂਪ ਨੇ ਦੱਸਿਆ ਕਿ ਪਰਿਵਾਰ ਦਾ ਕਹਿਣਾ ਹੈ ਕਿ ਸੀ. ਆਈ. ਏ. ਦਿਹਾਤੀ 'ਚ ਤਾਇਨਾਤ ਸਬ ਇੰਸਪੈਕਟਰ ਵਿਪਨ ਕੁਮਾਰ ਬੀਤੀ ਰਾਤ ਮਾਡਲ ਹਾਊਸ ਸਥਿਤ ਆਪਣੇ ਘਰ 'ਚ ਹੀ ਸੀ। ਉਹ ਘਰ ਦੇ ਬਾਹਰ ਖੜ੍ਹੀ ਆਪਣੀ ਇਨੋਵਾ ਗੱਡੀ 'ਚ ਬੈਠ ਕੇ ਰਿਵਾਲਵਰ ਨੂੰ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ, ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਅਤੇ ਮੌਕੇ 'ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।