ਵਿਦਿਆਰਥੀਆਂ ਨੇ ਬੁੱਤ ਤੋੜਣ ਦੀ ਸਿਆਸਤ ਖਿਲਾਫ ਕੀਤਾ ਅਰਥੀ ਫੂਕ ਮੁਜ਼ਾਹਰਾ
Tuesday, Mar 13, 2018 - 03:20 AM (IST)

ਪਟਿਆਲਾ, (ਜੋਸਨ)- ਪੰਜਾਬ ਸਟੂਡੈਂਟਸ ਯੂਨੀਅਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਜਪਾ/ਆਰ. ਐੈੱਸ. ਐੈੱਸ. ਵੱਲੋਂ ਤ੍ਰਿਪੁਰਾ ਵਿਚ ਲੈਨਿਨ ਦਾ ਬੁੱਤ, ਮੇਰਠ ਵਿਚ ਡਾ. ਅੰਬੇਡਕਰ, ਦ੍ਰਾਵਿੜ ਸੈਨਾ ਦੇ ਬਾਨੀ ਪੇਰੀਅਰ ਦਾ ਬੁੱਤ ਤੋੜਨ ਖਿਲਾਫ਼ ਆਰ. ਐੈੱਸ. ਐੈੱਸ. ਅਤੇ ਭਾਜਪਾ ਦੀਆਂ ਫ਼ਿਰਕੂ ਫਾਸ਼ੀਵਾਦੀ ਨੀਤੀਆਂ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਯੂਨੀਵਰਸਿਟੀ ਆਗੂ ਗੁਰਪ੍ਰੀਤ ਨਾਭਾ ਅਤੇ ਸੂਬਾ ਆਗੂ ਗੁਰਸੇਵਕ ਸਿੰਘ ਨੇ ਕਿਹਾ ਕਿ ਇਹ ਮਸਲਾ ਸਿਰਫ਼ ਬੁੱਤ ਤੋੜਨ ਦਾ ਨਹੀਂ ਸਗੋਂ ਆਰ. ਐੈੱਸ. ਐੈੱਸ./ਭਾਜਪਾ ਦੀਆਂ ਫਿਰਕੂ ਫਾਸ਼ੀਵਾਦੀ ਨੀਤੀਆਂ ਤਹਿਤ ਦੇਸ਼ ਅੰਦਰ ਦਲਿਤਾਂ ਆਦੀਵਾਸੀਆਂ, ਘੱਟ-ਗਿਣਤੀਆਂ, ਅਗਾਂਹਵਧੂ ਵਿਚਾਰਾਂ ਅਤੇ ਜਮਹੂਰੀਅਤ ਪਸੰਦਾਂ ਵਿਰੁੱਧ ਕੀਤੇ ਗਏ ਹਮਲਿਆਂ ਦਾ ਹੈ।
ਸੰਬੋਧਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਅੱਜ ਸਾਨੂੰ ਇਨ੍ਹਾਂ ਹਮਲਿਆਂ ਖਿਲਾਫ਼ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਰਾਖੀ ਅਤੇ ਚੰਗਾ ਸਮਾਜ ਸਿਰਜਣ ਲਈ ਯਤਨਸ਼ੀਲ ਤਾਕਤਾਂ ਨੂੰ ਇਕੱਠੇ ਹੋ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਚਾਹੀਦਾ ਹੈ। ਲੈਨਿਨ ਦੀ ਅਗਵਾਈ ਵਿਚ ਰੂਸ ਵਿਚ ਮਜ਼ਦੂਰ ਰਾਜ ਆਇਆ, ਜਿਸ ਨਾਲ ਹਰ ਵਰਗ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਅਧਿਕਾਰ ਦਿੱਤਾ ਗਿਆ ਅਤੇ ਔਰਤਾਂ ਨੂੰ ਬਰਾਬਰਤਾ ਦੇ ਮੌਕੇ ਮਿਲੇ। ਇਸ ਤਰ੍ਹਾਂ ਪੇਰੀਅਰ ਨੇ ਹਮੇਸ਼ਾ ਦਲਿਤਾਂ ਦੀ ਅਗਵਾਈ ਕੀਤੀ ਅਤੇ ਬ੍ਰਾਹਮਣਵਾਦ ਦਾ ਡੱਟ ਕੇ ਵਿਰੋਧ ਕੀਤਾ।
ਡਾ. ਬੀ. ਆਰ. ਅੰਬੇਡਕਰ ਨੇ ਵੀ ਦਲਿਤਾਂ ਅਤੇ ਲਤਾੜੇ ਹੋਏ ਵਰਗਾਂ ਦੇ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਪਰ ਭਾਜਪਾ/ਆਰ. ਐੈੱਸ. ਐੈੱਸ. ਦੁਆਰਾ ਇਨ੍ਹਾਂ ਸ਼ਖਸੀਅਤਾਂ ਖਿਲਾਫ਼ ਜ਼ਹਿਰ ਉਗਲਿਆ ਜਾ ਰਿਹਾ ਹੈ। ਅੱਜ ਜਦੋਂ ਭਾਜਪਾ ਲੋਕਾਂ ਨਾਲ ਕੀਤੇ ਵਾਧੇ ਪੂਰੇ ਕਰਨ ਵਿਚ ਨਾਕਾਮ ਸਿੱਧ ਹੋਈ ਹੈ ਤਾਂ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭੜਕਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸਟੇਜ ਸੰਚਾਲਨ ਰਵੀ ਰਸੂਲਪੁਰ ਦੁਆਰਾ ਕੀਤਾ ਗਿਆ। ਦਲਜੀਤ, ਬਹਾਦਰ, ਹਰਮਨ ਅਤੇ ਰਾਜਵੀਰ ਨੇ ਵੀ ਸੰਬੋਧਨ ਕੀਤਾ। ਅਖੀਰ ਵਿਚ ਬਲਵੰਤ ਬੱਲੀ ਨੇ ਸਭਨਾਂ ਦਾ ਧੰਨਵਾਦ ਕੀਤਾ।