ਗਲਤੀ ਸੀ. ਬੀ. ਐੱਸ. ਈ. ਬੋਰਡ ਦੀ, ਭੁਗਤ ਰਹੇ ਨੇ ਵਿਦਿਆਰਥੀ
Friday, Mar 30, 2018 - 08:23 AM (IST)

ਸ੍ਰੀ ਮੁਕਤਸਰ ਸਾਹਿਬ/ਕੋਟਕਪੂਰਾ (ਪਵਨ, ਸੁਖਪਾਲ, ਨਰਿੰਦਰ) - ਹਾਲ ਹੀ 'ਚ ਸੀ. ਬੀ. ਐੱਸ. ਈ. ਬੋਰਡ ਵੱਲੋਂ 10ਵੀਂ ਜਮਾਤ ਦੇ ਹਿਸਾਬ ਅਤੇ 12ਵੀਂ ਜਮਾਤ ਦੇ ਅਰਥ ਸ਼ਾਸਤਰ ਦੇ ਵਿਸ਼ਿਆਂ ਦੇ ਪੇਪਰ ਲੀਕ ਹੋਣ ਕਾਰਨ ਬੋਰਡ ਨੇ ਇਹ ਪੇਪਰ ਦੁਬਾਰਾ ਲੈਣ ਦਾ ਫਰਮਾਨ ਜਾਰੀ ਕੀਤਾ ਹੈ। ਭਾਵੇਂ ਸੀ. ਬੀ. ਐੱਸ. ਈ. ਵੱਲੋਂ ਇਹ ਦੋਵੇਂ ਪੇਪਰ ਦੁਬਾਰਾ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਸ ਨਾਲ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਲਈ ਵੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਪੈਦਾ ਹੋ ਗਈਆਂ ਹਨ। ਉਕਤ ਬੋਰਡ ਵੱਲੋਂ ਇਹ ਦੋਵੇਂ ਪੇਪਰ ਦੁਬਾਰਾ ਲੈਣ ਲਈ ਤਰੀਕਾਂ ਦਾ ਐਲਾਨ ਇਕ ਹਫਤੇ ਬਾਅਦ ਕੀਤਾ ਜਾਵੇਗਾ। ਪੇਪਰ ਲੀਕ ਹੋਣ ਦਾ ਮਾਮਲਾ ਬਹੁਤ ਹੀ ਗੰਭੀਰ ਹੈ ਕਿਉਂਕਿ ਇਸ ਨਾਲ ਸਿਸਟਮ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਹੁੰਦੇ ਹਨ। ਇਸ ਕਰ ਕੇ ਹੀ ਇਸ ਮਾਮਲੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੂਰੀ ਗੰਭੀਰਤਾ ਨਾਲ ਲਿਆ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਬਕਾਇਦਾ ਮਨੁੱਖੀ ਸਾਧਨ ਮੰਤਰੀ ਪ੍ਰਕਾਸ਼ ਜਾਵੜੇਕਰ ਨਾਲ ਵੀ ਗੱਲ ਕੀਤੀ।
ਇਸ ਤੋਂ ਇਲਾਵਾ ਦਿੱਲੀ ਪੁਲਸ ਵੱਲੋਂ ਵੀ ਬਹੁਤ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਭਾਵੇਂ ਸੀ. ਬੀ. ਐੱਸ. ਈ. ਵੱਲੋਂ ਇਹ ਦੋਵੇਂ ਪੇਪਰ ਦੁਬਾਰਾ ਲੈ ਲਏ ਜਾਣਗੇ ਅਤੇ ਜਾਂਚ ਆਦਿ ਵੀ ਚੱਲਦੀ ਰਹੇਗੀ ਪਰ ਪੂਰੇ ਸਿਸਟਮ ਦੀ ਭਰੋਸੇਯੋਗਤਾ ਬਣਾਈ ਰੱਖਣ ਲਈ ਠੋਸ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਅਜਿਹੀਆਂ ਘਟਵਾਨਾਂ ਦੁਬਾਰਾ ਨਹੀਂ ਹੋਣੀਆਂ ਚਾਹੀਦੀਆਂ। ਹੁਣ ਬੋਰਡ ਵੱਲੋਂ ਇਹ ਪੇਪਰ ਦੁਬਾਰਾ ਲਏ ਜਾਣ ਕਰ ਕੇ ਵਿਦਿਆਰਥੀਆਂ ਤੇ ਮਾਪਿਆਂ 'ਚ ਹਫੜਾ-ਦਫੜੀ ਮਚ ਗਈ ਹੈ, ਜਿਸ ਕਾਰਨ ਕਈ ਲੋਕਾਂ ਨੇ ਆਪਣੇ ਟੂਰ ਪਲਾਨ ਰੱਦ ਕਰ ਦਿੱਤੇ ਹਨ।