ਰਿਸ਼ਵਤਖੋਰ ਜੇ. ਈ. ਨੂੰ 4 ਸਾਲ ਕੈਦ ਤੇ ਇਕ ਲੱਖ ਜੁਰਮਾਨਾ
Wednesday, Jul 16, 2025 - 01:39 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਮਲੋਟ ਹਲਕੇ ਨਾਲ ਸਬੰਧਿਤ ਕਿਸਾਨ ਦੇ ਖੇਤ ’ਚ ਬਿਜਲੀ ਟਰਾਂਸਫਾਰਮਰ ਲਾਉਣ ਲਈ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲੇ ਜੇ. ਈ. ਨੂੰ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਮਿਸ ਅਮਿਤਾ ਸਿੰਘ ਦੀ ਅਦਾਲਤ ਨੇ 4 ਸਾਲ ਦੀ ਕੈਦ ਅਤੇ ਇਕ ਲੱਖ ਜੁਰਮਾਨੇ ਦੀ ਸ਼ਜਾ ਸੁਣਾਈ ਹੈ। ਉਸਦਾ ਸਾਥ ਦੇਣ ਵਾਲੇ ਨੂੰ ਚਾਰ ਸਾਲ ਦੀ ਕੈਦ ਪੰਜਾਹ ਹਜ਼ਾਰ ਜੁਰਮਾਨੇ ਦੀ ਸ਼ਜਾ ਸੁਣਾਈ ਗਈ ਹੈ। ਮਾਮਲਾ 2019 ਦਾ ਹੈ ।
19 ਜੂਨ 2019 ਨੂੰ ਮਲੋਟ ਦੇ ਕਬਰਵਾਲਾ ਵਾਸੀ ਰਣਜੀਤ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਕਿ ਬੀਤੇ ਦਿਨੀਂ ਉਸ ਦੇ ਖੇਤ ’ਚ ਲੱਗਿਆ 6.3 ਕਿਲੋਵਾਟ ਦਾ ਟਰਾਂਸਫਾਰਮਰ ਸੜ ਗਿਆ। ਉਸ ਨੇ ਮਲੋਟ ਬਿਜਲੀ ਵਿਭਾਗ ਵਿਖੇ ਜੇ. ਈ. ਜੱਸਾ ਸਿੰਘ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ 6.3 ਦਾ ਟਰਾਂਸਫਾਰਮਰ ਨਹੀਂ ਹੈ ਪਰ ਜੇਕਰ ਉਹ ਪੰਜ ਹਜ਼ਾਰ ਰੁਪਏ ਰਿਸ਼ਵਤ ਦੇ ਦੇਵੇ ਤਾਂ ਉਸ ਦੇ ਖੇਤ ’ਚ 10 ਕਿਲੋਵਾਟ ਦਾ ਟਰਾਂਸਫਾਰਮਰ ਲੱਗ ਜਾਵੇਗਾ। ਉਸ ਨੇ ਜੱਸਾ ਸਿੰਘ ਨੂੰ ਟਰਾਂਸਫਾਰਮਰ ਲਾਉਣ ਤੋਂ ਬਾਅਦ ਪੰਜ ਹਜਾਰ ਰੁਪਏ ਰਿਸ਼ਵਤ ਦੇਣ ਦੀ ਗੱਲ ਆਖੀ। ਜੱਸਾ ਸਿੰਘ ਨੇ ਖੇਤ ’ਚ ਟਰਾਂਸਫਾਰਮਰ ਲਾ ਦਿੱਤਾ ਅਤੇ ਰਿਸ਼ਵਤ ਮੰਗਣ ਲੱਗਾ।
ਰਣਜੀਤ ਸਿੰਘ ਅਨੁਸਾਰ ਉਹ ਰਿਸ਼ਵਤ ਦੇ ਖ਼ਿਲਾਫ ਹੈ ਅਤੇ ਉਸਨੇ ਇਸ ਸਬੰਧੀ ਆਪਣੇ ਮਿੱਤਰ ਨਾਲ ਸਲਾਹ ਕੀਤੀ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਦੇ ਦਿੱਤੀ। ਵਿਜੀਲੈਂਸ ਨੇ ਸਾਰਾ ਜਾਲ ਵਿਛਾਇਆ ਅਤੇ ਜੱਸਾ ਸਿੰਘ ਨੇ ਰਣਜੀਤ ਸਿੰਘ ਨੂੰ ਜਦੋਂ ਰਿਸ਼ਵਤ ਦੀ ਰਾਸ਼ੀ ਲੈਣ ਲਈ ਕਬਰਵਾਲਾ - ਗੁਰੂਸਰ ਰੋਡ ’ਤੇ ਇਕ ਵਰਕਸ਼ਾਪ ਵਿਖੇ ਬੁਲਾਇਆ ਤਾਂ ਵਿਜੀਲੈਂਸ ਨੇ ਉਥੇ ਪਹਿਲਾਂ ਤੋਂ ਹੀ ਵਿਛਾਏ ਜਾਲ ਮੁਤਾਬਕ ਜੱਸਾ ਸਿੰਘ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਅਦਾਲਤ ਵਿਚ ਚੱਲ ਰਹੇ ਕੇਸ ਦੌਰਾਨ ਜੱਸਾ ਸਿੰਘ ਜੇ. ਈ. ਨੂੰ ਸੈਕਸ਼ਨ ਸੱਤ ’ਚ ਚਾਰ ਸਾਲ ਦੀ ਕੈਦ ਅਤੇ 50 ਹਜ਼ਾਰ ਜੁਰਮਾਨਾ, ਸੈਕਸ਼ਨ 13(2) ਤਹਿਤ ਚਾਰ ਸਾਲ ਦੀ ਕੈਦ ਅਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਅਤੇ ਉਸ ਦਾ ਸਾਥ ਦੇਣ ਵਾਲੇ ਜਰਨੈਲ ਕੁਮਾਰ ਨੂੰ 7 ਏ ਤਹਿਤ 4 ਸਾਲ ਦੀ ਕੈਦ ਅਤੇ ਪੰਜਾਹ ਹਜਾਰ ਜੁਰਮਾਨੇ ਦੀ ਸ਼ਜਾ ਸੁਣਾਈ ਹੈ। ਜੱਸਾ ਸਿੰਘ ਜੇ. ਈ. ਨੂੰ ਚਾਰ ਸਾਲ ਕੈਦ ਅਤੇ ਇਕ ਲੱਖ ਜੁਰਮਾਨਾ ਭਰਨਾ ਪਵੇਗਾ ਅਤੇ ਜਰਨੈਲ ਕੁਮਾਰ ਨੂੰ ਚਾਰ ਸਾਲ ਕੈਦ ਅਤੇ ਪੰਜਾਹ ਹਜ਼ਾਰ ਜੁਰਮਾਨਾ ਭਰਨਾ ਪਵੇਗਾ।