ਨਹੀਂ ਬਦਲੇਗਾ ਫੈਸਲਾ, ਵਿਦਿਆਰਥੀਆਂ ਨੂੰ ਮੁਸ਼ਕਿਲ ਹੋਈ ਤਾਂ ਸੈਂਟਰ ਲਿਸਟ ਹੋਵੇਗੀ ਰੀਵਿਊ
Tuesday, Jan 30, 2018 - 04:43 AM (IST)
ਲੁਧਿਆਣਾ(ਵਿੱਕੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਵਿਚ ਪ੍ਰੀਖਿਆ ਕੇਂਦਰ ਦੂਰ ਹੋਣ ਕਾਰਨ ਜੇਕਰ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਹੋਵੇਗੀ ਤਾਂ ਬੋਰਡ ਅਤੇ ਸਿੱਖਿਆ ਵਿਭਾਗ ਸੈਂਟਰ ਲਿਸਟ ਦਾ ਰੀਵਿਊ ਕਰਨਗੇ। ਇਸ ਦੇ ਬਾਅਦ ਵਿਦਿਆਰਥੀਆਂ ਦੀ ਸੁਵਿਧਾ ਲਈ ਸਕੂਲ ਦੇ ਨੇੜੇ ਹੀ ਨਵੇਂ ਸੈਂਟਰ ਸਥਾਪਿਤ ਕੀਤੇ ਜਾਣਗੇ। ਇਸ ਗੱਲ ਅੱਜ ਲੁਧਿਆਣਾ ਵਿਚ ਪਹੁੰਚੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਸਿੱਖਿਆ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਕਿ ਬੋਰਡ ਵੱਲੋਂ ਸੈਲਫ ਸੈਂਟਰ ਬਦਲਣ ਸਬੰਧੀ ਲਿਆ ਗਿਆ ਫੈਸਲਾ ਵਾਪਸ ਨਹੀਂ ਹੋਵੇਗਾ। ਪੀ. ਏ. ਯੂ. 'ਚ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਵਾਰ ਪ੍ਰੀਖਿਆ ਕੇਂਦਰ ਬਦਲਣ ਦਾ ਫੈਸਲਾ ਬੜੇ ਵਿਚਾਰ-ਵਟਾਂਦਰੇ ਦੇ ਬਾਅਦ ਲਿਆ ਹੈ ਅਤੇ ਵਿਦਿਆਰਥੀਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਹੀ ਪ੍ਰੀਖਿਆ ਕੇਂਦਰ ਬਣਾਏ ਜਾ ਰਹੇ ਹਨ। ਇਸ ਮੌਕੇ ਡੀ. ਈ. ਓ. ਸਵਰਨਜੀਤ ਕੌਰ ਵੀ ਮੌਜੂਦ ਸਨ।
ਐਸੋਸੀਏਸ਼ਨਾਂ ਨਿੱਜੀ ਦਿਲਚਸਪੀ ਲਈ ਕਰ ਰਹੀਆਂ ਹੱਲਾ-ਗੁੱਲਾ
ਸਿੱਖਿਆ ਮੰਤਰੀ ਨੇ ਕਿਹਾ ਕਿ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣਾ ਹੀ ਪੀ. ਐੱਸ. ਈ. ਬੀ. ਦਾ ਮੁੱਖ ਉਦੇਸ਼ ਹੈ। ਅਜਿਹੇ ਵਿਚ ਜੋ ਸਕੂਲ ਐਸੋਸੀਏਸ਼ਨਾਂ ਪ੍ਰੀਖਿਆ ਕੇਂਦਰ ਬਦਲੇ ਜਾਣ 'ਤੇ ਹੱਲਾ-ਗੁੱਲਾ ਕਰ ਰਹੀਆਂ ਹਨ, ਉਸ ਵਿਚ ਉਨ੍ਹਾਂ ਦੀ ਆਪਣੀ ਕੋਈ ਨਿੱਜੀ ਦਿਲਚਸਪੀ ਹੋਵੇਗੀ, ਕਿਉਂਕਿ ਪ੍ਰੀਖਿਆ ਕੇਂਦਰ ਬਦਲਣ ਨਾਲ ਵਿਦਿਆਰਥੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰੀਖਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਦਾ ਮਕਸਦ ਨਹੀਂ ਹੈ।
ਘੱਟ ਨਤੀਜੇ ਵਾਲੇ ਅਧਿਆਪਕਾਂ 'ਤੇ ਹੋਵੇਗੀ ਸਖ਼ਤ ਕਾਰਵਾਈ
ਲੁਧਿਆਣਾ ਦੇ 26 ਅਧਿਆਪਕਾਂ ਦੀ ਘੱਟ ਨਤੀਜਾ ਆਉਣ ਕਾਰਨ ਰੋਕੀ ਗਈ ਇਨਕਰੀਮੈਂਟ ਸਬੰਧੀ ਸਿੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਇਸ ਬਾਰੇ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਨਤੀਜੇ ਘੱਟ ਆਏ ਤਾਂ ਸਰਕਾਰ ਵਲੋਂ ਅਜਿਹੇ ਅਧਿਆਪਕਾਂ 'ਤੇ ਸਖਤ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।
ਪ੍ਰੈਕਟੀਕਲ ਪ੍ਰੀਖਿਆਵਾਂ ਦੇ 15 ਦਿਨ ਬਾਅਦ ਐਲਾਨ ਹੋਣਗੇ ਨਤੀਜੇ
ਅਰੁਣਾ ਚੌਧਰੀ ਨੇ ਕਿਹਾ ਕਿ 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਪ੍ਰੈਕਟੀਕਲ ਵਿਸ਼ਿਆਂ ਦੀ ਪ੍ਰੀਖਿਆ ਖਤਮ ਹੋਣ ਦੇ 15 ਦਿਨਾਂ ਦੇ ਬਾਅਦ ਐਲਾਨ ਕਰ ਦਿੱਤੇ ਜਾਣਗੇ, ਕਿਉਂਕਿ ਬੋਰਡ ਨੇ ਇਸ ਵਾਰ ਆਪਣੇ ਸਿਸਟਮ ਨੂੰ ਕਾਫੀ ਹਾਈਟੈੱਕ ਕਰ ਲਿਆ ਹੈ। ਸਰਕਾਰੀ ਸਕੂਲਾਂ ਵਿਚ ਸਮੇਂ-ਸਮੇਂ 'ਤੇ ਫੰਡ ਨਾ ਆਉਣ ਕਾਰਨ ਬੰਦ ਹੋਣ ਵਾਲੇ ਮਿਡ-ਡੇ ਮੀਲ ਸਬੰਧੀ ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆਉਣ ਦੇ ਬਾਅਦ ਉਨ੍ਹਾਂ ਨੇ ਪਿਛਲੇ ਦਿਨੀਂ ਦਿੱਲੀ ਵਿਚ ਮਾਨਵ ਸੰਸਥਾਨ ਵਿਕਾਸ ਮੰਤਰਾਲੇ ਵਲੋਂ ਕੀਤੀ ਗਈ ਕੈਬ ਮੀਟਿੰਗ ਵਿਚ ਮੁੱਦਾ ਉਠਾਇਆ ਸੀ, ਜਿਸ 'ਤੇ ਉਨ੍ਹ੍ਹਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਦਾ ਮਿਡ-ਡੇ ਮੀਲ ਬਜਟ ਵਧਾ ਕੇ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਰਿਲੀਜ਼ ਕੀਤਾ ਜਾਵੇ, ਤਾਂ ਕਿ ਬੱਚਿਆਂ ਨੂੰ ਫੰਡਾਂ ਦੀ ਕਮੀ ਕਾਰਨ ਖਾਲੀ ਪੇਟ ਘਰਾਂ ਨੂੰ ਪਰਤਣਾ ਨਾ ਪਵੇ।
ਅਧਿਆਪਕਾਂ ਦੀ ਸੁਵਿਧਾ ਲਈ ਲਾਂਚ ਹੋਵੇਗੀ ਮੋਬਾਇਲ ਐਪ
ਹਿੰਦੀ ਅਤੇ ਪੰਜਾਬ ਦੀਆਂ ਪੋਸਟਾਂ ਸਬੰਧੀ ਇਨ੍ਹੀਂ ਦਿਨੀਂ ਚੱਲ ਰਹੇ ਵਿਵਾਦ 'ਤੇ ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਜੋ ਅਧਿਆਪਕ ਪੰਜਾਬੀ ਪੜ੍ਹਾ ਰਹੇ ਹਨ, ਉਹ ਹਿੰਦੀ ਵੀ ਪੜ੍ਹਾ ਸਕਦੇ ਹਨ, ਕਿਉਂਕਿ ਗ੍ਰੈਜੂਏਸ਼ਨ ਤਕ ਸਾਰੇ ਅਧਿਆਪਕਾਂ ਨੇ ਦੋਨੋਂ ਵਿਸ਼ੇ ਪੜ੍ਹੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਬੱਚਿਆਂ ਨੂੰ ਇਹ ਵਿਸ਼ਾ ਪੜ੍ਹਾਉਣ 'ਚ ਕੋਈ ਮੁਸ਼ਕਿਲ ਨਹੀਂ ਆਉਂਦੀ। ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਦੀ ਸੁਵਿਧਾ ਲਈ ਸਿੱਖਿਆ ਵਿਭਾਗ ਜਲਦੀ ਹੀ ਮੋਬਾਇਲ ਐਪ ਲਾਂਚ ਕਰਨ ਜਾ ਰਿਹਾ ਹੈ, ਜਿਸ ਰਾਹੀਂ ਅਧਿਆਪਕ ਆਪਣੇ ਕਿਸੀ ਵੀ ਤਰ੍ਹਾਂ ਦੀ ਛੁੱਟੀ ਸਬੰਧੀ ਬਿਨੇ ਕਰ ਸਕਦੇ ਹਨ।
