ਸੀ. ਜੀ. ਸੀ. ਲਾਂਡਰਾਂ ਨੂੰ ''ਵਿਦਿਆਰਥੀ-ਵਿਸ਼ਵਕਰਮਾ ਕੌਮੀ ਐਵਾਰਡ''
Wednesday, Sep 27, 2017 - 01:55 AM (IST)

ਮੋਹਾਲੀ (ਨਿਆਮੀਆਂ) - ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਦੇਸ਼ ਦਾ ਵਕਾਰੀ ਏ. ਆਈ. ਸੀ. ਈ. ਟੀ.-ਈ. ਸੀ. ਆਈ. 'ਵਿਦਿਆਰਥੀ-ਵਿਸ਼ਵਕਰਮਾ ਐਵਾਰਡ 2017' ਜਿੱਤ ਕੇ ਰਾਸ਼ਟਰੀ ਪੱਧਰ 'ਤੇ ਕਾਲਜ ਦਾ ਮਾਣ ਵਧਾਇਆ ਹੈ। ਸੀ. ਜੀ. ਸੀ. ਲਾਂਡਰਾਂ ਦੀ ਟੀਮ 'ਜ਼ੀਲ ਥਿੰਕਰ' ਨੂੰ ਇਹ ਸਨਮਾਨ ਆਊਟਸਟੈਂਡਿੰਗ ਇੰਜੀਨੀਅਰਿੰਗ ਵਿਦਿਆਰਥੀ ਤੇ ਆਊਟਸਟੈਂਡਿੰਗ ਅਧਿਆਪਕ ਸ਼੍ਰੇਣੀ ਦੇ ਦੋ ਵੱਖ-ਵੱਖ ਵਰਗਾਂ ਤਹਿਤ ਪ੍ਰਾਪਤ ਹੋਇਆ ਹੈ। ਇਹ ਕੌਮੀ ਖ਼ਿਤਾਬ ਏ. ਆਈ. ਸੀ. ਈ. ਟੀ.-ਈ. ਸੀ. ਆਈ. ਤੋਂ ਮਾਨਤਾ ਪ੍ਰਾਪਤ ਉੱਚ ਦਰਜੇ ਦੀਆਂ ਤਕਨੀਕੀ ਸੰਸਥਾਵਾਂ ਦੇ ਵੱਖ-ਵੱਖ ਇੰਜੀਨੀਅਰਿੰਗ ਵਿਸ਼ਿਆਂ 'ਚ ਨਵੀਆਂ ਖੋਜਾਂ ਤੇ ਵਿਲੱਖਣ ਸਕਿੱਲਜ਼ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। 22 ਰਾਜਾਂ ਦੀਆਂ 54 ਟੀਮਾਂ ਨਾਲ ਵਿਲੱਖਣ ਮੋਬਾਇਲ ਐਪ ਤਿਆਰ ਕਰਨ ਦੇ ਹੋਏ ਸਖ਼ਤ ਖੋਜ ਮੁਕਾਬਲੇ 'ਚ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਤੇਜਪਾਲ ਸ਼ਰਮਾ ਦੀ ਅਗਵਾਈ 'ਚ ਜੇਤੂ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿਸ਼ਾਲ ਸਿੰਘ, ਸ਼ਾਮਲੀ ਕੰਵਰ, ਰਜਤ ਸ਼ਰਮਾ ਅਤੇ ਤਮੰਨਾ ਜਾਂਗੜਾ ਦੀ ਟੀਮ ਨੂੰ ਇਹ ਵੱਕਾਰੀ ਸਨਮਾਨ ਕੌਮੀ ਮਨੁੱਖੀ ਸਰੋਤ ਮੰਤਰਾਲੇ ਦੇ ਰਾਜ ਮੰਤਰੀ ਡਾ. ਸੱਤਿਆ ਪਾਲ ਸਿੰਘ ਵਲੋਂ ਨਵੀਂ ਦਿੱਲੀ ਵਿਖੇ ਦਿੱਤਾ ਗਿਆ। ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਤੇ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਦੇਸ਼ ਦਾ ਇਹ ਵਕਾਰੀ ਸਨਮਾਨ ਮਿਲਣ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਕਾਲਜ ਵਲੋਂ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਤੇ ਅਕਾਦਮਿਕ ਮਾਹੌਲ ਸਹੀ ਦਿਸ਼ਾ 'ਚ ਕੰਮ ਕਰ ਰਹੇ ਹਨ।