ਫਾਹਾ ਲੈਣ ਵਾਲੇ ਵਿਦਿਆਰਥੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਖੁੱਲ੍ਹੇ ਸਕੂਲ ਦੇ ਰਾਜ਼

Thursday, Mar 12, 2020 - 03:32 PM (IST)

ਫਾਹਾ ਲੈਣ ਵਾਲੇ ਵਿਦਿਆਰਥੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਖੁੱਲ੍ਹੇ ਸਕੂਲ ਦੇ ਰਾਜ਼

ਮੋਹਾਲੀ (ਰਾਣਾ) : ਸੈਕਟਰ-70 ਮੈਰੀਟੋਰੀਅਸ ਸਕੂਲ 'ਚ ਬੀਤੇ ਦਿਨੀਂ ਰਾਤ ਦੇ ਸਮੇਂ (9 ਮਾਰਚ 2020) 11ਵੀਂ ਦੇ ਵਿਦਿਆਰਥੀ ਹਰਮਨਜੀਤ ਸਿੰਘ (17) ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ, ਜਿਸ ਦੀ ਲਾਸ਼ ਸਕੂਲ ਦੇ ਬਾਥਰੂਮ ਤੋਂ ਮਿਲੀ ਹੈ। ਇਸ ਤੋਂ ਬਾਅਦ ਪਹਿਲਾਂ ਤਾਂ ਪੁਲਸ ਸਕੂਲ ਦੀ ਸ਼ਿਕਾਇਤ ਉੱਤੇ ਮਾਮਲੇ 'ਚ 174 ਦੀ ਕਾਰਵਾਈ ਕਰ ਰਹੀ ਸੀ ਪਰ ਮ੍ਰਿਤਕ ਦੇ ਪਰਿਵਾਰ ਵਲੋਂ ਸਕੂਲ ਉੱਤੇ ਹੀ ਹੱਤਿਆ ਦਾ ਦੋਸ਼ ਲਗਾਉਣ ਤੋਂ ਬਾਅਦ ਪੁਲਸ ਨੇ ਪ੍ਰਸ਼ਾਸਨ ਦੇ ਵਿਰੁੱਧ ਗੈਰ-ਇਰਾਦਤਨ ਹੱਤਿਆ (304ਏ) ਦਾ ਕੇਸ ਦਰਜ ਕੀਤਾ। ਮ੍ਰਿਤਕ ਦੀ ਪੋਸਟਮਾਟਮ ਰਿਪੋਰਟ ਵੀ ਆ ਚੁੱਕੀ ਹੈ ਜਿਸ 'ਚ ਮ੍ਰਿਤਕ ਦੇ ਸਰੀਰ ਉੱਤੇ ਇਕ ਇੰਜਰੀ ਹੋਣ ਦੀ ਗੱਲ ਦੀ ਵੀ ਪੁਸ਼ਟੀ ਕੀਤੀ ਜਾ ਰਹੀ ਹੈ।

ਡਾਕਟਰਾਂ ਦੇ ਪੈਨਲ ਨੂੰ ਜਾਂਚ ਦੇ ਘੇਰੇ 'ਚ ਲਿਆਂਦਾ ਜਾਵੇ
ਪੰਜਾਬ ਅਗੇਂਸਟ ਸੰਸਥਾ ਦੇ ਪ੍ਰਧਾਨ ਸਤਨਾਮ ਦਾਊਂ ਨੇ ਇਸ ਕੇਸ ਦੀ ਜਾਂਚ ਠੀਕ ਤਰੀਕੇ ਨਾਲ ਕਰਵਾਉਣ ਲਈ ਪੰਜਾਬ ਦੇ ਡੀ. ਜੀ. ਪੀ., ਐੱਸ. ਐੱਸ. ਪੀ. ਮੋਹਾਲੀ, ਮਨਿਸਟਰੀ ਆਫ ਵੂਮੈਨ ਐਂਡ ਚਾਇਲਡ ਡਿਵੈੱਲਪਮੈਂਟ, ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਈਟਜ, ਮਨਿਸਟਰੀ ਆਫ ਹਿਊਮਨ ਰਿਸੋਰਸਿਜ਼ ਡਿਵੈੱਲਪਮੈਂਟ, ਪੰਜਾਬ ਸਟੇਟ ਚਾਇਲਡ ਰਾਈਟਜ਼ ਕਮਸ਼ਿਨ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਖਾਸ ਤੌਰ 'ਤੇ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ ਡਾਕਟਰਾਂ ਦੇ ਪੈਨਲ ਨੇ ਮ੍ਰਿਤਕ ਬੱਚੇ ਦੀ ਪੋਸਟਮਾਟਮ ਰਿਪੋਰਟ ਤਿਆਰ ਕੀਤੀ ਉਨ੍ਹਾਂ ਸਾਰਿਆਂ ਨੂੰ ਜਾਂਚ ਦੇ ਘੇਰੇ ਵਿਚ ਲਿਆਇਆ ਜਾਵੇ।

ਇਹ ਦਿੱਤੀ ਪੁਲਸ ਨੂੰ ਸ਼ਿਕਾਇਤ
ਥਾਣਾ ਮਟੌਰ ਨੂੰ ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਨੇ ਸ਼ਿਕਾਇਤ ਦਿੱਤੀ ਹੈ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਮੋਰਿੰਡਾ ਵਿਚ ਪੈਂਦੇ ਪਿੰਡ ਰਤਨਗੜ੍ਹ ਵਿਚ ਰਹਿੰਦਾ ਹੈ ਅਤੇ 9 ਮਾਰਚ ਰਾਤ 7.57 ਵਜੇ ਉਸ ਦੇ ਬੇਟੇ ਦੇ ਇੰਚਾਰਜ ਅਮਨ ਦਾ ਫੋਨ ਆਇਆ ਸੀ, ਜਿਸ ਨੇ ਉਸ ਨੂੰ ਕਿਹਾ ਕਿ ਹਰਮਨਜੀਤ ਚੱਕਰ ਖਾ ਕੇ ਡਿੱਗ ਪਿਆ ਹੈ, ਛੇਤੀ ਆ ਜਾਓ। ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਦਾ ਫੋਨ ਆਇਆ, ਉਨ੍ਹਾਂ ਨੇ ਕਿਹਾ ਕਿ ਤੁਹਾਡੇ ਬੱਚੇ ਦੀ ਤਬੀਅਤ ਠੀਕ ਨਹੀਂ ਹੈ ਜਲਦੀ ਗੱਡੀ ਲੈ ਕੇ ਆ ਜਾਓ, ਜਦੋਂ ਉਸ ਨੇ ਕਿਹਾ ਕਿ ਬੇਟੇ ਨਾਲ ਗੱਲ ਕਰਵਾ ਦਿਓ, ਇਸ ਉੱਤੇ ਪ੍ਰਿੰਸੀਪਲ ਨੇ ਆਵਾਜ਼ ਲਗਾਈ ਕਿ ਹਰਮਨ ਆਪਣੇ ਪਿਤਾ ਨਾਲ ਗੱਲ ਕਰ ਲਓ। ਉਸ ਨੇ ਫੋਨ ਉੱਤੇ ਗੱਲ ਨਹੀਂ ਕੀਤੀ। ਇਸ ਤੋਂ ਬਾਅਦ ਫੋਨ ਕੱਟ ਦਿੱਤਾ ਗਿਆ।

PunjabKesari

ਉਸ ਦੇ 2-3 ਮਿੰਟ ਬਾਅਦ 8.35 'ਤੇ ਹੋਸਟਲ ਵਾਰਡਨ ਦਾ ਫੋਨ ਆਇਆ ਕਿ ਉਨ੍ਹਾਂ ਦੇ ਹਰਮਨਜੀਤ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਲਦੀ ਉੱਥੇ ਆ ਜਾਓ ਜਦੋਂ ਉਹ ਹਸਪਤਾਲ ਪੁੱਜੇ ਤਾਂ ਕਾਫ਼ੀ ਦੇਰ ਤਕ ਉਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਦੇ ਬਾਰੇ ਵਿਚ ਦੱਸਿਆ ਤਕ ਨਹੀਂ ਗਿਆ। ਫਿਰ ਕਿਹਾ ਕਿ ਬੱਚੇ ਦਾ ਇਲਾਜ ਚੱਲ ਰਿਹਾ ਹੈ ਉਹ ਠੀਕ ਨਹੀਂ ਹੈ। ਇਸ ਤੋਂ ਬਾਅਦ ਉਹ ਡਾਕਟਰ ਦੇ ਕੋਲ ਗਏ ਤਾਂ ਡਾਕਟਰ ਨੇ ਦੱਸਿਆ ਕਿ ਤੁਹਾਡਾ ਬੱਚਾ ਇਸ ਦੁਨੀਆ ਵਿਚ ਨਹੀਂ ਰਿਹਾ ਹੈ। ਉਸ ਦੀ ਲਾਸ਼ ਫਰੀਜ਼ਰ ਵਿਚ ਰੱਖੀ ਗਈ ਹੈ। ਇਹ ਗੱਲ ਸੁਣਦੇ ਹੀ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਨ੍ਹਾਂ ਨੇ ਦੱਸਿਆ ਕਿ ਕਾਫ਼ੀ ਦੇਰ ਤਕ ਉਨ੍ਹਾਂ ਨੂੰ ਬੱਚੇ ਦਾ ਚਿਹਰਾ ਤਕ ਨਹੀਂ ਵਿਖਾਇਆ ਗਿਆ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਸ ਦੀ ਬਾਡੀ ਵੇਖੀ ਤਾਂ ਹੈਰਾਨ ਰਹਿ ਗਏ। ਉਸ ਦੇ ਚਿਹਰੇ ਅਤੇ ਸਰੀਰ ਉੱਤੇ ਕੁੱਟ-ਮਾਰ ਦੇ ਕਈ ਨਿਸ਼ਾਨ ਸਨ, ਜਿਸ ਨੂੰ ਵੇਖ ਕੇ ਅਜਿਹਾ ਲਗਦਾ ਸੀ ਕਿ ਉਸ ਨੂੰ ਮਾਰਿਆ ਗਿਆ ਹੈ।

ਇਹ ਵੀ ਪੜ੍ਹੋ ► ਸ਼ਿਵ ਸੈਨਾ ਦੇ ਦਫਤਰ ਬਾਹਰ ਸ਼ਰਾਰਤੀ ਅਨਸਰਾਂ ਨੇ ਚਿਪਕਾਇਆ ਧਮਕੀ ਭਰਿਆ ਪੱਤਰ     

ਸਕੂਲ ਜਾ ਕੇ ਹੋਰ ਖੁੱਲ੍ਹੇ ਰਾਜ਼
ਪਿਤਾ ਤਰਸੇਮ ਨੇ ਦੱਸਿਆ ਕਿ ਹਸਪਤਾਲ ਤੋਂ ਉਹ ਆਪਣੇ ਭਰਾ ਸਤਗੁਰ ਸਿੰਘ, ਭਤੀਜਾ ਜਗਮੇਲ ਸਿੰਘ, ਸੁਖਚੈਨ ਨੂੰ ਲੈ ਕੇ ਰਾਤ ਨੂੰ ਸਕੂਲ ਵਿਚ ਗਿਆ। ਜਦੋਂ ਸਕੂਲ ਵਿਚ ਪੁੱਜੇ ਤਾਂ ਸਕਿਓਰਿਟੀ ਇੰਚਾਰਜ ਨੇ ਦੱਸਿਆ ਕਿ ਤੁਹਾਡੇ ਬੇਟੇ ਨੂੰ ਪਹਿਲਾਂ ਇਲਾਜ ਲਈ ਵਾਰਡਨ ਆਪਣੇ ਸਕੂਟਰ ਉੱਤੇ ਬਿਠਾਕੇ ਸੋਹਾਣਾ ਦੇ ਹੀ ਇਕ ਪ੍ਰਾਈਵੇਟ ਹਸਪਤਾਲ ਵਿਚ ਲੈ ਕੇ ਗਈ ਸੀ ਪਰ ਡਾਕਟਰਾਂ ਵਲੋਂ ਇਨਕਾਰ ਕਰਨ ਤੋਂ ਬਾਅਦ ਵਾਰਡਨ ਫਿਰ ਤੋਂ ਹਰਮਨਜੀਤ ਨੂੰ ਲੈ ਕੇ ਸਕੂਲ ਵਿਚ ਲੈ ਕੇ ਆ ਗਈ। ਉਸ ਤੋਂ ਬਾਅਦ ਉਹ ਉਸ ਨੂੰ ਫੇਜ਼-6 ਹਸਪਤਾਲ ਲੈ ਗਈ ਸੀ। ਮ੍ਰਿਤਕ ਦੇ ਚਾਚੇ ਸਤਗੁਰ ਨੇ ਦੋਸ਼ ਲਗਾਇਆ ਕਿ ਹਰਮਨਜੀਤ ਦੀ ਹੱਤਿਆ ਹੋਈ ਹੈ ਕਿਉਂਕਿ ਉਸ ਦੇ ਕਮਰੇ ਵਿਚ ਵੀ ਖੂਨ ਦੇ ਨਿਸ਼ਾਨ ਹਨ ਅਤੇ ਬਾਥਰੂਮ 'ਚ ਵੀ ਜੇਕਰ ਉਸ ਨੇ ਫਾਹ ਲਿਆ ਹੁੰਦਾ ਤਾਂ ਉੱਥੇ ਖੂਨ ਦੇ ਨਿਸ਼ਾਨ ਕਿਉਂ ਹਨ, ਜਿਸ ਤੋਂ ਸਪੱਸ਼ਟ ਪਤਾ ਲਗਦਾ ਹੈ ਕਿ ਪਹਿਲਾਂ ਉਸ ਦੇ ਨਾਲ ਕੁੱਟ-ਮਾਰ ਕੀਤੀ ਗਈ ਹੈ ਅਤੇ ਬਾਅਦ ਵਿਚ ਉਸ ਨੂੰ ਬਾਥਰੂਮ ਵਿਚ ਲਿਜਾਇਆ ਗਿਆ ਅਤੇ ਉਸ ਦੇ ਗਲੇ 'ਚ ਫਾਹ ਪਾ ਦਿੱਤਾ ਕਿ ਲੱਗੇ ਉਸ ਨੇ ਸੁਸਾਈਡ ਕੀਤਾ ਹੈ।

PunjabKesari

ਇਕ ਵਿਦਿਆਰਥੀ ਨੂੰ ਭੇਜ ਦਿੱਤਾ ਘਰ
ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਨੇ ਸਕੂਲ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੇ ਬੇਟੇ ਨੇ ਸੁਸਾਈਡ ਨਹੀਂ ਕੀਤਾ ਸਗੋਂ ਉਸ ਦੀ ਹੱਤਿਆ ਹੋਈ ਹੈ ਅਤੇ ਉਸ ਨੂੰ ਸਕੂਲ ਪ੍ਰਸ਼ਾਸਨ 'ਤੇ ਸ਼ੱਕ ਹੈ ਕਿ ਉਹ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਸਕੂਲ ਵਲੋਂ ਉਸ ਦੇ ਬੇਟੇ ਦੀ ਮੌਤ ਤੋਂ ਕੁਝ ਦੇਰ ਬਾਅਦ ਹੀ ਇਕ ਵਿਦਿਆਰਥੀ ਨੂੰ ਉਸ ਦੇ ਘਰ ਭੇਜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਸ ਦੇ ਬੇਟੇ ਦੀ ਲੰਬਾਈ ਪੰਜ ਫੁੱਟ ਛੇ ਇੰਚ ਦੇ ਕਰੀਬ ਸੀ, ਜਦੋਂਕਿ ਜਿਸ ਜਗ੍ਹਾ ਬੇਟੇ ਵਲੋਂ ਫਾਹ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਾਢੇ ਚਾਰ ਫੁੱਟ ਦੱਸੀ ਜਾ ਰਹੀ ਹੈ। ਅਜਿਹੇ ਵਿਚ ਇਹ ਗੱਲ ਉਨ੍ਹਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਹੀ। ਉਥੇ ਹੀ ਕਮਰੇ ਵਿਚ ਵੀ ਖੂਨ ਦੇ ਨਿਸ਼ਾਨ ਮਿਲੇ ਹਨ।

ਪੋਸਟਮਾਰਟਮ ਮੁਤਾਬਕ ਨਹੀਂ ਕੀਤਾ ਸੁਸਾਈਡ
ਰਿਟਾ. ਸਿਵਲ ਸਰਜਨ ਡਾਕਟਰ ਮੁਲਤਾਨੀ ਜੋ ਇਸ ਸਮੇਂ ਇਕ ਨਿੱਜੀ ਸੰਸਥਾ ਦੇ ਚੇਅਰਮੇਨ ਹਨ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਹਰਮਨਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਉਨ੍ਹਾਂ ਨੇ ਵੀ ਪੜ੍ਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਗੱਲ ਤਾਂ ਕਲੀਅਰ ਹੋ ਰਹੀ ਹੈ ਕਿ ਬੱਚੇ ਨੇ ਸੁਸਾਈਡ ਨਹੀਂ ਕੀਤਾ ਅਤੇ ਮ੍ਰਿਤਕ ਦੇ ਸਰੀਰ ਉੱਤੇ ਵੀ ਕਾਫ਼ੀ ਜਗ੍ਹਾ ਉੱਤੇ ਸੱਟ ਦੇ ਨਿਸ਼ਾਨ ਹਨ ਅਤੇ ਪੋਸਟਮਾਰਟਮ ਵਿਚ ਜੋ ਗਰਦਨ ਉੱਤੇ ਫਾਹ ਦੇ ਨਿਸ਼ਾਨ ਹਨ ਅਤੇ ਉਨ੍ਹਾਂ ਦਾ ਸਾਈਜ਼ ਵੱਖ-ਵੱਖ ਆ ਰਿਹਾ ਹੈ।

ਨਹੀਂ ਕੀਤਾ ਬਾਥਰੂਮ ਅਤੇ ਕਮਰਾ ਸੀਲ
ਮ੍ਰਿਤਕ ਦੇ ਚਾਚੇ ਸਤਗੁਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੇ ਭਤੀਜੇ ਦੀ ਮੌਤ ਕਾਫ਼ੀ ਦੇਰ ਪਹਿਲਾਂ ਹੋ ਚੁੱਕੀ ਸੀ, ਜਦੋਂਕਿ ਉਨ੍ਹਾਂ ਨੂੰ ਉਸ ਦੀ ਸੂਚਨਾ ਕਾਫ਼ੀ ਦੇਰ ਬਾਅਦ ਦਿੱਤੀ ਗਈ ਅਤੇ ਉਸ ਤੋਂ ਬਾਅਦ ਵੀ ਪੁਲਸ ਨੇ ਨਾ ਤਾਂ ਬਾਥਰੂਮ ਅਤੇ ਨਾ ਹੀ ਕਮਰਾ ਸੀਲ ਕੀਤਾ ਗਿਆ, ਜਦੋਂਕਿ ਇਹ ਦੋਵੇਂ ਤਾਂ ਪੁਲਸ ਨੂੰ ਉਸੇ ਸਮੇਂ ਸੀਲ ਕਰ ਦੇਣੇ ਚਾਹੀਦੇ ਸਨ ਜਦੋਂ ਉਹ ਘਟਨਾ ਸਥਾਨ 'ਤੇ ਪਹੁੰਚੀ ਸੀ। ਇਸ ਤੋਂ ਇਹ ਸਾਫ ਹੁੰਦਾ ਹੈ ਕਿ ਪੁਲਸ ਇਸ ਮਾਮਲੇ ਨੂੰ ਲੈ ਕੇ ਕਿੰਨਾ ਗੰਭੀਰ ਲੈ ਰਹੀ ਹੈ। ਉਸ ਤੋਂ ਬਾਅਦ ਜਾ ਕੇ ਪੁਲਸ ਨੇ ਘਟਨਾ ਵਾਲੀ ਥਾਂ ਤੋਂ ਖੂਨ ਦੇ ਸੈਂਪਲ ਇਕੱਠੇ ਕੀਤੇ। ਸਤਗੁਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਸ ਦਾ ਭਰਾ ਤਰਸੇਮ ਜਦੋਂ ਮੋਹਾਲੀ ਵਿਚ ਹਰਮਨਜੀਤ ਨੂੰ ਬਿਸਕੁਟ ਅਤੇ ਨਮਕੀਨ ਦੇ ਪੈਕੇਟ ਦੇਣ ਲਈ ਗਿਆ ਸੀ, ਉਹ ਕਾਫ਼ੀ ਡਰਿਆ ਹੋਇਆ ਸੀ। ਉਸ ਨੇ ਦੱਸਿਆ ਸੀ ਕਿ ਉਸ ਦੀ ਕਲਾਸ ਦਾ ਇਕ ਲੜਕਾ ਉਸ ਨਾਲ ਝਗੜਾ ਕਰਦਾ ਹੈ।

ਮੈਡੀਕਲ ਕਰਨਾ ਚਾਹੁੰਦਾ ਸੀ ਮ੍ਰਿਤਕ
ਸਤਗੁਰ ਨੇ ਦੱਸਿਆ ਕਿ ਹਰਮਨਜੀਤ ਦਾ ਇਕ ਛੋਟਾ ਭਰਾ ਹੈ, ਜੋ ਰਤਨਗੜ੍ਹ ਦੇ ਸਕੂਲ ਵਿਚ ਹੀ ਪੜ੍ਹ ਰਿਹਾ ਹੈ। ਹਰਮਨਜੀਤ ਨੇ ਵੀ 10ਵੀਂ ਉਥੇ ਦੇ ਹੀ ਸਕੂਲ ਵਿਚ ਕੀਤੀ ਹੈ, ਉਸ ਦੇ 10ਵੀਂ ਵਿਚ 92 ਫ਼ੀਸਦੀ ਨੰਬਰ ਆਏ ਸਨ, ਜਿਸ ਤੋਂ ਬਾਅਦ ਉਸ ਦਾ ਪਿਤਾ ਉਸ ਨੂੰ ਉਥੇ ਦੇ ਹੀ ਸਕੂਲ ਵਿਚ ਲਗਾ ਰਿਹਾ ਸੀ ਪਰ ਉਹ ਮੈਡੀਕਲ ਲੈਣਾ ਚਾਹੁੰਦਾ ਸੀ। ਉਸ ਦਾ ਐਂਟਰੈਂਸ ਦਾ ਪੇਪਰ ਮੋਹਾਲੀ ਵਿਚ ਦਿਵਾਇਆ ਅਤੇ ਉਸ ਦਾ ਨੰਬਰ ਸੈਕਟਰ-70 ਸਥਿਤ ਮੈਰੀਟੋਰੀਅਸ ਸਕੂਲ ਵਿਚ ਗਿਆ, ਉਸ ਨੂੰ ਸਕੂਲ ਵਿਚ ਆਉਂਦੇ ਸਿਰਫ 6 ਮਹੀਨੇ ਹੀ ਹੋਏ ਸਨ।

ਡਿਪਾਰਟਮੈਂਟਲ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ
ਉਥੇ ਹੀ ਸਕੂਲ ਪ੍ਰਬੰਧਨ ਦੇ ਉੱਚ ਅਧਿਕਾਰੀ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਰੀਟੋਰੀਅਸ ਸਕੂਲ ਵਿਚ ਬੱਚੇ ਦੀ ਮੌਤ ਦੇ ਬਾਰੇ ਵਿਚ ਪਤਾ ਲੱਗਾ ਤਾਂ ਬਹੁਤ ਦੁੱਖ ਹੋਇਆ, ਜਿਸ ਦੀ ਜਾਂਚ ਪੁਲਸ ਤਾਂ ਕਰ ਹੀ ਰਹੀ ਹੈ ਉਨ੍ਹਾਂ ਵਲੋਂ ਵੀ ਇਸ ਲੈ ਕੇ ਇਕ ਡਿਪਾਰਟਮੈਂਟਲ ਕਮੇਟੀ ਬਣਾਉਣ ਦੀ ਸਿਫਾਰਿਸ਼ ਕਰਦੇ ਹੋਏ ਐਜੂਕੇਸ਼ਨ ਸੈਕਟਰੀ ਨੂੰ ਲਿਖਕੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਨੂੰ ਐਜੂਕੇਸ਼ਨ ਸੈਕਟਰੀ ਬਾਹਰ ਸਨ ਅਤੇ ਉਹ ਵੀਰਵਾਰ ਨੂੰ ਆਉਣਗੇ ਜਿਸ ਤੋਂ ਬਾਅਦ ਉਨ੍ਹਾਂ ਦੀ ਮਨਜ਼ੂਰੀ ਮਿਲਦੇ ਹੀ ਇਸ ਦੀ ਜਾਂਚ ਕਰਵਾਈ ਜਾਵੇਗੀ ।

ਇਹ ਵੀ ਪੜ੍ਹੋ : ► ਕਿਸਾਨਾਂ 'ਤੇ ਕੁਦਰਤ ਦਾ ਕਹਿਰ, ਪੁੱਤਾਂ ਵਾਂਗ ਪਾਲੀ ਫਸਲ ਜ਼ਮੀਨ 'ਤੇ ਵਿਛੀ (ਵੀਡੀਓ) 

► 9 ਸਾਲਾ ਹਰਸ਼ਿਤਾ 70 ਕਿਲੋ ਭਾਰ ਨਾਲ ਇਲਾਜ ਲਈ ਪਹੁੰਚੀ ਪੀ. ਜੀ. ਆਈ.     

ਫਿਲੌਰ : ਖੇਤਾਂ 'ਚੋਂ ਨਾਬਾਲਗ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਹੱਲ, ਪੁਲਸ ਨੇ ਕੀਤਾ ਖੁਲਾਸਾ 


author

Anuradha

Content Editor

Related News