ਮੋਹਾਲੀ : ਵਿਦਿਆਰਥੀ ਦੀ ਸ਼ੱਕੀ ਹਾਲਾਤ ''ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
Wednesday, Mar 11, 2020 - 01:15 PM (IST)

ਮੋਹਾਲੀ (ਰਾਣਾ) : ਮੋਹਾਲੀ ਦੇ ਇਕ ਮਸ਼ਹੂਰ ਸਕੂਲ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਹਰਮਨਜੀਤ ਸਿੰਘ ਵਾਸੀ ਰਤਨਗੜ੍ਹ, ਮੋਰਿੰਡਾ ਵਜੋਂ ਹੋਈ ਹੈ। ਹਰਮਨਜੀਤ ਨੇ 10ਵੀਂ ਤੱਕ ਦੀ ਸਿੱਖਿਆ ਆਪਣੇ ਪਿੰਡ ਤੋਂ ਹੀ ਪ੍ਰਾਪਤ ਕੀਤੀ ਅਤੇ 11ਵੀਂ 'ਚ ਉਸ ਨੇ ਮੋਹਾਲੀ ਦੇ ਇਕ ਸਕੂਲ 'ਚ ਦਾਖਲਾ ਲਿਆ ਸੀ ਅਤੇ ਇੱਥੇ ਹੋਸਟਲ 'ਚ ਹੀ ਰਹਿ ਰਿਹਾ ਸੀ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਵਲੋਂ ਕੋਈ ਕਾਲ ਨਹੀਂ ਕੀਤੀ ਗਈ ਅਤੇ ਹਰਮਨਜੀਤ ਦੀ ਮੌਤ ਦੇ 3-4 ਘੰਟਿਆਂ ਬਾਅਦ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਮ੍ਰਿਤਕ ਦੇ ਪਰਿਵਾਰ ਨੇ ਬੇਟੇ ਦੇ ਕਤਲ ਹੋਣ ਦਾ ਦੋਸ਼ ਲਾਇਆ ਹੈ । ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਦਾ ਪਿਤਾ ਉਸ ਨੂੰ ਮਿਲਣ ਲਈ ਹੋਸਟਲ ਆਇਆ ਸੀ। ਇਸ ਦੌਰਾਨ ਹਰਮਨਜੀਤ ਬਹੁਤ ਡਰਿਆ ਹੋਇਆ ਸੀ ਅਤੇ ਉਸ ਨੇ ਰੋਂਦਿਆਂ ਹੋਇਆਂ ਦੱਸਿਆ ਸੀ ਕਿ ਕਮਰੇ 'ਚ ਰਹਿਣ ਵਾਲੇ ਮੁੰਡੇ ਨਾਲ ਉਸ ਦਾ ਝਗੜਾ ਹੋਇਆ ਹੈ। ਫਿਲਹਾਲ ਮ੍ਰਿਤਕ ਦੇ ਪਰਿਵਾਰ ਵਲੋਂ ਸਕੂਲ, ਸਕੂਲ ਵਾਰਡਨ ਅਤੇ ਸੁਰੱਖਿਆ ਕਰਮੀ ਖਿਲਾਫ ਸ਼ਿਕਾਇਤ ਦਰਜ ਕਰਾਈ ਗਈ ਹੈ। ਪੁਲਸ ਨੇ 304-ਏ ਤਹਿਤ ਮਾਮਲਾ ਦਰਜ ਕੀਤਾ ਹੈ।