ਨਾਨਕੇ ਘਰ ਰਹਿਣ ਆਏ ਵਿਦਿਆਰਥੀ ਨੇ ਪੀਤੀ ਕੀਟਨਾਸ਼ਕ ਦਵਾਈ, ਇਲਾਜ ਦੌਰਾਨ ਮੌਤ
Thursday, Mar 06, 2025 - 04:38 PM (IST)

ਅਬੋਹਰ (ਸੁਨੀਲ) : ਇਕ ਵਿਦਿਆਰਥੀ, ਜੋ ਮੂਲ ਰੂਪ ’ਚ ਘੁੜਿਆਣਾ ਦਾ ਰਹਿਣ ਵਾਲਾ ਸੀ ਅਤੇ ਹਾਲ ਹੀ ’ਚ ਆਪਣੇ ਨਾਨਕੇ ਪਿੰਡ ਕੁੰਡਲ ਆਇਆ ਸੀ। ਉਸ ਨੇ ਕੁਝ ਦਿਨ ਪਹਿਲਾਂ ਮਾਨਸਿਕ ਤਣਾਅ ਕਾਰਨ ਕੀਟਨਾਸ਼ਕ ਦਵਾਈ ਪੀ ਲਈ। ਉਸ ਨੂੰ ਇਲਾਜ ਲਈ ਬਠਿੰਡਾ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਅੱਜ ਉਸਦੀ ਮੌਤ ਹੋ ਗਈ। ਅੱਜ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਲਿਆਂਦਾ ਗਿਆ।
ਜਾਣਕਾਰੀ ਅਨੁਸਾਰ ਘੁੜਿਆਣਾ ਦੇ ਰਹਿਣ ਵਾਲੇ ਗੁਰਜੀਤ ਸਿੰਘ ਦਾ ਪੁੱਤਰ ਕਰਨਵੀਰ, ਜਿਸਦੀ ਉਮਰ ਕਰੀਬ 16 ਸਾਲ ਸੀ, ਓਪਨ ਮਾਧਿਅਮ ਰਾਹੀਂ 10ਵੀਂ ਜਮਾਤ ’ਚ ਪੜ੍ਹਦਾ ਸੀ। ਕੁੱਝ ਸਮੇਂ ਤੋਂ ਆਪਣੇ ਨਾਨਕੇ ਪਿੰਡ ਕੁੰਡਲ ’ਚ ਰਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਆਪਣੀ ਪੜ੍ਹਾਈ ਨੂੰ ਲੈ ਕੇ ਚਿੰਤਤ ਸੀ ਅਤੇ ਉਸਦੀ ਪ੍ਰੀਖਿਆ 7 ਮਾਰਚ ਨੂੰ ਸੀ। ਪੜ੍ਹਾਈ ਦੇ ਤਣਾਅ ਕਾਰਨ ਉਸਨੇ 25 ਫਰਵਰੀ ਨੂੰ ਖੇਤ ’ਚ ਕੀਟਨਾਸ਼ਕ ਦਵਾਈ ਪੀ ਲਈ। ਜਦੋਂ ਉਸਦੀ ਹਾਲਤ ਵਿਗੜ ਗਈ ਤਾਂ ਉਸਦੇ ਪਰਿਵਾਰ ਵਾਲੇ ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ਲੈ ਆਏ, ਜਿੱਥੋਂ ਉਸ ਨੂੰ ਰੈਫ਼ਰ ਕੀਤਾ ਗਿਆ ਸੀ।
ਜਿੱਥੇ ਅੱਜ ਸਵੇਰੇ ਬਠਿੰਡਾ ’ਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਸਬੰਧੀ ਸਦਰ ਥਾਣਾ ਇੰਚਾਰਜ ਸੁਨੀਲ ਕੁਮਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੂੰ ਵਿਦਿਆਰਥੀ ਦੀ ਮੌਤ ਦੀ ਸੂਚਨਾ ਮਿਲੀ ਹੈ, ਜਿਸ ’ਤੇ ਸਹਾਇਕ ਸਬ-ਇੰਸਪੈਕਟਰ ਕੁਲਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਲੜਕੇ ਦੀ ਲਾਸ਼ ਬਠਿੰਡਾ ਤੋਂ ਅਬੋਹਰ ਲਿਆਂਦੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਜਾਵੇਗੀ।