ਪੇਪਰ ਦੀ ਤਿਆਰੀ ਨਾ ਹੋਣ ''ਤੇ ਵਿਦਿਆਰਥੀ ਨੇ ਮਾਰੀ ਨਹਿਰ ''ਚ ਛਾਲ, ਲਾਸ਼ ਬਰਾਮਦ
Wednesday, Mar 20, 2019 - 01:23 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਊਰਨਾ ਦੇ ਨਿਵਾਸੀ ਕੁਲਦੀਪ ਸਿੰਘ ਦਾ ਲੜਕਾ ਅਰਸ਼ਜੋਤ ਸਿੰਘ (17) ਜੋ ਕਿ ਲੰਘੀ 12 ਮਾਰਚ ਨੂੰ ਸਰਹਿੰਦ ਨਹਿਰ ਵਿਚ ਛਾਲ ਮਾਰ ਗਿਆ ਸੀ, ਉਸ ਦੀ ਲਾਸ਼ ਬੁੱਧਵਾਰ ਸਵੇਰੇ ਪਿੰਡ ਢੰਡੇ ਦੀ ਕਿਸ਼ਤੀ ਨੇੜ੍ਹਿਓਂ ਬਰਾਮਦ ਹੋ ਗਈ। ਮ੍ਰਿਤਕ ਵਿਦਿਆਰਥੀ ਦੇ ਪਿਤਾ ਕੁਲਦੀਪ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 12 ਮਾਰਚ ਨੂੰ ਉਸਦਾ ਬਾਰਵ੍ਹੀਂ ਜਮਾਤ ਦਾ ਬੋਰਡ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਸੀ ਜਿਸ ਨੂੰ ਦੇਣ ਲਈ ਉਹ ਸਮਰਾਲਾ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਚਲਾ ਗਿਆ ਸੀ।
ਇਸ ਬੋਰਡ ਪ੍ਰੀਖਿਆ ਦੀ ਪੂਰੀ ਤਰ੍ਹਾਂ ਤਿਆਰੀ ਨਾ ਹੋਣ ਕਾਰਨ ਉਹ ਕੁੱਝ ਪਰੇਸ਼ਾਨ ਸੀ ਪਰ ਜਦੋਂ ਉਹ ਸ਼ਾਮ ਤੱਕ ਵਾਪਸ ਘਰ ਨਾ ਪਰਤਿਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਲੜਕੇ ਅਰਸ਼ਜੋਤ ਦੀ ਤਲਾਸ਼ ਦੌਰਾਨ ਉਸ ਦਾ ਸਾਈਕਲ ਸਰਹਿੰਦ ਨਹਿਰ ਦੇ ਪਵਾਤ ਪੁਲ ਕੋਲ ਖੜ੍ਹਾ ਮਿਲਿਆ ਤਾਂ ਉਥੇ ਕੁੱਝ ਲੋਕਾਂ ਨੇ ਦੱਸਿਆ ਕਿ ਇੱਕ ਲੜਕੇ ਨੇ ਸਾਈਕਲ ਖੜ੍ਹਾ ਕਰ ਪੁਲ ਤੋਂ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਉਸ ਦਿਨ ਤੋਂ ਹੀ ਨਹਿਰ 'ਚ ਉਸ ਦੀ ਭਾਲ ਕਰ ਰਹੇ ਸਨ। ਅੱਜ ਨਹਿਰ 'ਚੋਂ ਇਸ ਵਿਦਿਆਰਥੀ ਦੀ ਲਾਸ਼ ਬਰਾਮਦ ਹੋਣ 'ਤੇ ਪੁਲਸ ਨੇ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ।