ਡੀ-ਫਾਰਮੇਸੀ ਦੇ ਵਿਦਿਆਰਥੀ ਨੇ ਲਿਆ ਫਾਹ, ਪੇਪਰ ਦੇਣ ਤੋਂ ਬਾਅਦ ਮਿਲਣੀ ਸੀ ਨੌਕਰੀ
Monday, May 11, 2020 - 02:03 PM (IST)
ਲੁਧਿਆਣਾ (ਰਿਸ਼ੀ) : ਕਰਫਿਊ ਕਾਰਨ ਪੇਪਰ ਨਾ ਹੋਣ ਦੀ ਵਜ੍ਹਾ ਨਾਲ ਡੀ-ਫਾਰਮੇਸੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੇ ਸ਼ਨੀਵਾਰ ਨੂੰ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸਾਹਿਲ ਕੁਮਾਰ (23) ਨਿਵਾਸੀ ਅਬਦੁੱਲਾਪੁਰ ਬਸਤੀ ਦੇ ਰੂਪ 'ਚ ਹੋਈ ਹੈ।ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਮਾਡਲ ਟਾਊਨ ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਐੱਸ. ਐੱਚ. ਓ. ਇੰਸ. ਪਵਨ ਕੁਮਾਰ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ 'ਚ ਮ੍ਰਿਤਕ ਦੇ ਪਿਤਾ ਹੀਰਾ ਲਾਲ ਨੇ ਦੱਸਿਆ ਸਾਹਿਲ ਪੜ੍ਹਨ 'ਚ ਕਾਫੀ ਵਧੀਆ ਸੀ। ਫਾਈਨਲ ਪੇਪਰ ਆਉਣ ਦੀ ਵਜ੍ਹਾ ਨਾਲ ਦਿਨ-ਰਾਤ ਪੜ੍ਹਾਈ ਕਰ ਰਿਹਾ ਸੀ ਪਰ ਕੋਰੋਨਾ ਵਾਇਰਸ ਕਾਰਨ ਪੇਪਰ ਨਹੀਂ ਹੋ ਸਕੇ।
ਪੇਪਰਾਂ ਤੋਂ ਪਹਿਲਾਂ ਹੀ ਉਸ ਨੂੰ ਇਕ ਚੰਗੀ ਕੰਪਨੀ ਦਾ ਆਫਰ ਆ ਚੁੱਕਾ ਸੀ ਪਰ ਪੇਪਰ ਨਾ ਹੋਣ ਕਾਰਨ ਨੌਕਰੀ ਵੀ ਨਹੀਂ ਮਿਲ ਸਕਦੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਗਿਆ। ਸ਼ਨੀਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ 'ਚ ਸੌਂਣ ਚਲਾ ਗਿਆ। ਐਤਵਾਰ ਸਵੇਰੇ ਮਾਰਕੀਟ ਸਬਜ਼ੀ ਲੈਣ ਲਈ ਜਦੋਂ ਭਰਾ ਅਲਮਾਰੀ ’ਚੋਂ ਪੈਸੇ ਲੈਣ ਲਈ ਉਸ ਦੇ ਕਮਰੇ 'ਚ ਗਿਆ ਤਾਂ ਖੁਦਕੁਸ਼ੀ ਕਰਨ ਦਾ ਪਤਾ ਲੱਗਾ।