ਟੂਰ ''ਤੇ ਜਾ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕੋ ਸਮੇਂ ਟਕਰਾਏ 4 ਵਾਹਨ, ਮਚ ਗਿਆ ਚੀਕ ਚਿਹਾੜਾ

04/29/2017 7:15:13 PM

ਬਨੂੜ (ਗੁਰਪਾਲ) : ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ''ਤੇ 4 ਵਾਹਨਾਂ ਦੀ ਆਪਸ ਵਿਚ ਜ਼ੋਰਦਾਰ ਟੱਕਰ ਹੋ ਗਈ, ਇਸ ਹਾਦਸੇ ਵਿਚ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਨੂੜ ਟ੍ਰੈਫਿਕ ਪੁਲਸ ਦੇ ਇੰਚਾਰਜ ਏ. ਐਸ. ਆਈ. ਨੇ ਦੱਸਿਆ ਕਿ ਦਿੱਲੀ ਤੋਂ ਵਿਦਿਆਰਥੀਆਂ ਨੂੰ ਲੈ ਕੇ ਇਕ ਟੈਂਪੂ ਟਰੈਵਲਰ ਹਿਮਾਚਲ ਪ੍ਰਦੇਸ਼ ਵਿਖੇ ਟੂਰ ''ਤੇ ਜਾ ਰਿਹਾ ਸੀ ਕਿ ਜਦੋਂ ਉਹ ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਮਰ ਮਾਰਗ ''ਤੇ ਸਥਿਤ ਪਿੰਡ ਫੌਜੀ ਕਾਲੋਨੀ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਹੋਂਡਾ ਸਿਟੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਨ੍ਹਾਂ ਦੋਵਾਂ ਵਾਹਨਾਂ ਦੀ ਟੱਕਰ ਤੋਂ ਬਾਅਦ ਇਕ ਬੁਲਟ ਮੋਟਰਸਾਈਕਲ ਤੇ ਕਾਰ ਵੀ ਇਨ੍ਹਾਂ ਨਾਲ ਟਕਰਾ ਗਏ।
ਉੁਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਹੋਂਡਾ ਸਿਟੀ ਕਾਰ ਦਾ ਚਾਲਕ ਕਰਮਜੋਤ ਸਿੰਘ ਪੁੱਤਰ ਰਣ ਸਿੰਘ ਵਾਸੀ ਪਿੰਡ ਕਾਮੀਕਲਾਂ ਥਾਣਾ ਘਨੌਰ, ਬੁਲਟ ਮੋਟਰਸਾਈਕਲ ਚਾਲਕ ਮਹਿੰਦਰ ਸਿੰਘ ਪੁੱਤਰ ਮੋਹਨ ਸਿੰਘ ਤੇ ਕਾਰ ਚਾਲਕ ਬਲਜਿੰਦਰ ਸਿੰਘ ਵਾਸੀ ਪ੍ਰਭੂਪ੍ਰੇਮ ਕਾਲੋਨੀ ਜ਼ਿਲਾ ਅੰਬਾਲਾ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਏ. ਐਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਟੈਂਪੂ ਟਰੈਵਲਰ ਵਿਚ ਸਵਾਰ ਸਾਰੇ ਵਿਦਿਆਰਥੀ ਵਾਲ-ਵਾਲ ਬਚ ਗਏ ਤੇ ਸਾਰੇ ਬੱਚੇ ਸਹਿਮੇ ਹੋਏ ਸਨ। ਇਸ ਹਾਦਸੇ ਵਿਚ ਸਾਰੇ ਜ਼ਖਮੀਆਂ ਨੂੰ ਟ੍ਰੈਫਿਕ ਇੰਚਾਰਜ ਨੇ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਵਾਇਆ।


Gurminder Singh

Content Editor

Related News