ਸੀ. ਬੀ. ਐੱਸ. ਈ. ਨੇ ਜੇ. ਈ. ਈ. ਮੇਨ ਦੇ ਅਗਲੇ ਦਿਨ ਰੱਖਿਆ ਫਿਜ਼ੀਕਲ ਦਾ ਐਗਜ਼ਾਮ, ਵਿਦਿਆਰਥੀ ਦੁਚਿੱਤੀ ''ਚ

01/12/2018 5:53:51 AM

ਲੁਧਿਆਣਾ(ਵਿੱਕੀ)-ਸੀ. ਬੀ. ਐੱਸ. ਈ. ਡੇਟਸ਼ੀਟ ਜਾਰੀ ਕਰਨ ਸਮੇਂ ਸੰਭਾਵੀ ਇੰਜੀਨੀਅਰਾਂ ਦਾ ਖਿਆਲ ਰੱਖਣਾ ਭੁੱਲ ਗਈ। ਟਵਿੱਟਰ 'ਤੇ ਵਿਦਿਆਰਥੀਆਂ ਵੱਲੋਂ ਉਡਾਏ ਜਾ ਰਹੇ ਮਜ਼ਾਕ ਤੋਂ ਹੋ ਰਹੀ ਕਿਰਕਿਰੀ ਕਾਰਨ ਬੋਰਡ ਨੇ ਜਲਦਬਾਜ਼ੀ ਵਿਚ ਡੇਟਸ਼ੀਟ ਜਾਰੀ ਕਰਦੇ ਸਮੇਂ ਇਸ ਗੱਲ ਵਲ ਧਿਆਨ ਹੀ ਨਹੀਂ ਦਿੱਤਾ ਕਿ ਵਿਦਿਆਰਥੀਆਂ ਦੀ ਸਹੂਲਤ ਦਾ ਵੀ ਧਿਆਨ ਰੱਖਣਾ ਹੈ। ਸੀ. ਬੀ. ਐੱਸ. ਈ. ਵੱਲੋਂ ਜਾਰੀ ਡੇਟਸ਼ੀਟ ਉਨ੍ਹਾਂ ਭਵਿੱਖ ਦੇ ਇੰਜੀਨੀਅਰਾਂ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ, ਜਿਨ੍ਹਾਂ ਨੇ ਨਾਨ-ਮੈਡੀਕਲ ਦੇ ਬਦਲਵੇਂ ਵਿਸ਼ੇ ਵਜੋਂ ਫਿਜ਼ੀਕਲ ਐਜੂਕੇਸ਼ਨ ਨੂੰ ਚੁਣਿਆ ਹੈ। ਬੋਰਡ ਨੇ 8 ਅਪ੍ਰੈਲ ਨੂੰ ਲਈ ਜਾਣ ਵਾਲੀ ਜੇ. ਈ. ਈ. ਮੇਨ ਦੀ ਪ੍ਰੀਖਿਆ ਤੋਂ ਅਗਲੇ ਦਿਨ ਹੀ 9 ਅਪ੍ਰੈਲ ਨੂੰ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਰੱਖ ਦਿੱਤਾ ਹੈ।
ਜੇ. ਈ. ਈ. ਮੇਨ ਅਤੇ ਬੋਰਡ ਐਗਜ਼ਾਮ ਸੀ. ਬੀ. ਐੱਸ. ਈ. ਨੇ ਕਰਨੇ ਹਨ ਕੰਡਕਟ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁਕਾਬਲੇ ਦੀ ਪ੍ਰੀਖਿਆ ਜੇ. ਈ. ਈ. ਮੇਨ ਦਾ ਪੇਪਰ ਵੀ ਸੀ. ਬੀ. ਐੱਸ. ਈ. ਨੇ ਹੀ ਕੰਡਕਟ ਕਰਨਾ ਹੈ। ਅਜਿਹੇ ਵਿਚ ਦੋਵਾਂ ਪ੍ਰੀਖਿਆਵਾਂ ਦੀ ਡੇਟਸ਼ੀਟ ਤਿਆਰ ਕਰਦੇ ਸਮੇਂ ਬੋਰਡ ਨੇ ਇਸ ਗੱਲ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਕਿ 8 ਅਪ੍ਰੈਲ ਨੂੰ ਮੇਨਜ਼ ਦਾ ਐਗਜ਼ਾਮ ਦੇਣ ਤੋਂ ਬਾਅਦ ਵਿਦਿਆਰਥੀ ਅਗਲੇ ਹੀ ਦਿਨ 9 ਤਰੀਕ ਨੂੰ ਫਿਜ਼ੀਕਲ ਦਾ ਪੇਪਰ ਕਿਵੇਂ ਦੇਣ ਪੁੱਜਣਗੇ।
3000 ਵਿਦਿਆਰਥੀ ਦੂਜੇ ਸ਼ਹਿਰਾਂ 'ਚ ਦੇਣ ਜਾਣਗੇ ਜੇ. ਈ. ਈ.
ਲੁਧਿਆਣਾ ਦੇ ਕਰੀਬ 3000 ਸੰਭਾਵੀ ਇੰਜੀਨੀਅਰ ਅਜਿਹੇ ਹਨ, ਜਿਨ੍ਹਾਂ ਦਾ ਪ੍ਰੀਖਿਆ ਕੇਂਦਰ ਜੇ. ਈ. ਈ. ਆਫਲਾਈਨ ਐਗਜ਼ਾਮ ਲਈ ਲੜੀਵਾਰ ਅੰਮ੍ਰਿਤਸਰ, ਬਠਿੰਡਾ ਅਤੇ ਚੰਡੀਗੜ੍ਹ ਵਿਚ ਬਣਾਇਆ ਗਿਆ ਹੈ। ਦੂਜੇ ਸ਼ਹਿਰ ਵਿਚ ਪ੍ਰੀਖਿਆ ਦੇਣ ਤੋਂ ਬਾਅਦ ਆਪਣੇ ਸ਼ਹਿਰ ਵਿਚ ਵਾਪਸ ਮੁੜਦੇ ਸਮੇਂ ਉਨ੍ਹਾਂ ਨੂੰ ਸ਼ਾਮ ਹੋ ਜਾਵੇਗੀ ਤਾਂ ਅਜਿਹੇ ਵਿਚ ਥਕਾਵਟ ਦੇ ਵਿਚ ਉਹ ਫਿਜ਼ੀਕਲ ਦੇ ਪੇਪਰ ਦੀ ਤਿਆਰੀ ਕਿਵੇਂ ਕਰਨਗੇ।
ਫਿਜ਼ਿਕਸ ਦੇ ਪੇਪਰ ਅੱਗੇ ਸਿਰਫ 1 ਛੁੱਟੀ
ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸਿਰਫ ਮੈਡੀਕਲ ਅਤੇ ਨਾਨ-ਮੈਡੀਕਲ ਦੇ ਵਿਦਿਆਰਥੀਆਂ ਦੇ ਲਈ ਹੈ। ਵਿਦਿਆਰਥੀਆਂ ਨੇ ਦੱਸਿਆ ਕਿ 5 ਮਾਰਚ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਵਿਚ 7 ਮਾਰਚ ਨੂੰ ਫਿਜ਼ਿਕਸ ਵਰਗੇ ਗੁੰਝਲਦਾਰ ਵਿਸ਼ੇ ਦਾ ਪੇਪਰ ਰੱਖ ਦਿੱਤਾ ਪਰ ਇਸ ਪੇਪਰ ਦੇ ਅੱਗੇ ਸਿਰਫ 1 ਦਿਨ ਦਾ ਸਮਾਂ ਛੁੱਟੀ ਵਜੋਂ ਤਿਆਰੀ ਲਈ ਦਿੱਤਾ ਗਿਆ ਹੈ।
ਪ੍ਰਿੰਸੀਪਲ ਵੀ ਲਿਖਣਗੇ ਬੋਰਡ ਨੂੰ ਪੱਤਰ
ਕਈ ਵਿਦਿਆਰਥੀ ਤਾਂ ਅਜਿਹੇ ਹਨ, ਜਿਨ੍ਹਾਂ ਦਾ ਪ੍ਰੀਖਿਆ ਕੇਂਦਰ ਦਿੱਲੀ ਵਿਚ ਬਣਾ ਦਿੱਤਾ ਗਿਆ। ਉਧਰ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਵੀ ਬੋਰਡ ਨੂੰ ਡੇਟਸ਼ੀਟ ਵਿਚ ਬਦਲਾਅ ਵਾਸਤੇ ਪੱਤਰ ਲਿਖਣ ਦੀ ਤਿਆਰੀ ਕਰ ਲਈ ਹੈ। ਸਕੂਲਾਂ ਦਾ ਕਹਿਣਾ ਹੈ ਕਿ ਬੋਰਡ ਨੂੰ ਵਿਦਿਆਰਥੀਆਂ ਦੇ ਹਿੱਤ ਨੂੰ ਦੇਖਦੇ ਹੋਏ ਡੇਟਸ਼ੀਟ ਵਿਚ ਬਦਲਾਅ ਕਰਨਾ ਚਾਹੀਦਾ ਹੈ ਤਾਂਕਿ ਉਨ੍ਹਾਂ ਦੀ ਪ੍ਰੇਸ਼ਾਨੀ ਖਤਮ ਹੋ ਸਕੇ।


Related News