ਅਜੇ ਕਤਲ ਕਾਂਡ: ਸੁਨੀਲ ਜਾਖੜ ਨੇ ਅਸਲ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਨ ਅਤੇ ਨਿਰਪੱਖ ਜਾਂਚ ਦੀ ਕੀਤੀ ਮੰਗ

Thursday, Oct 22, 2026 - 08:46 PM (IST)

ਅਜੇ ਕਤਲ ਕਾਂਡ: ਸੁਨੀਲ ਜਾਖੜ ਨੇ ਅਸਲ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਨ ਅਤੇ ਨਿਰਪੱਖ ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਇਨਸਾਫ਼ ਦੀ ਮੰਗ ਲੈ ਕੇ ਪਹੁੰਚੀ ਅਬੋਹਰ ਦੇ ਮ੍ਰਿਤਕ ਅਜੇ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਬੋਹਰ ਦੇ ਸੰਤ ਨਗਰ ਵਿਖੇ ਹੋਏ ਕਤਲ ਕਾਂਡ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਮ੍ਰਿਤਕ ਵੱਲੋਂ ਮਰਨ ਤੋਂ ਪਹਿਲਾਂ ਪੁਲਸ ਨੂੰ ਦਿੱਤੇ ਬਿਆਨਾਂ ਦੇ ਆਧਾਰ ’ਤੇ ਅਸਲ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ। ਅਜੇ ਕੁਮਾਰ ਦੀ ਮਾਤਾ ਅਤੇ ਪਰਿਵਾਰਿਕ ਮੈਂਬਰ ਅੱਜ ਵਿਧਾਨ ਸਭਾ ਦੇ ਬਾਹਰ ਇਨਸਾਫ ਲਈ ਧਰਨਾ ਦੇਣ ਪਹੁੰਚੇ ਸਨ ਬਾਅਦ ਵਿਚ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸੁਨੀਲ ਜਾਖੜ ਨੇ ਆਖਿਆ ਕਿ ਉਹ ਹਰ ਰੋਜ਼ ਇਸ ਪਰਿਵਾਰ ਨੂੰ ਇੱਥੇ ਵਿਧਾਨ ਸਭਾ ਦੇ ਬਾਹਰ ਲੈ ਕੇ ਆਉਣਗੇ ਤਾਂ ਜੋ ਬੋਲ਼ੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ। ਇਸ ਮੌਕੇ ਭਾਜਪਾ ਆਗੂ ਅਸ਼ਵਨੀ ਕੁਮਾਰ ਸ਼ਰਮਾ ਵੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਅਬੋਹਰ ਦੇ ਸੰਤ ਨਗਰ ਵਿਖੇ ਅਜੇ ਕੁਮਾਰ ਨਾਮਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਦਾ ਕਈ ਦਿਨ ਇਲਾਜ ਚੱਲਿਆ, ਪਰ ਆਖ਼ਰਕਾਰ 19 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਅਬੋਹਰ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਪਰਿਵਾਰ ਅਨੁਸਾਰ ਹਾਲੇ ਤੱਕ ਮ੍ਰਿਤਕ ਦਾ ਪੋਸਟਮਾਰਟਮ ਵੀ ਨਹੀਂ ਹੋਇਆ।

ਇਸ ਮੌਕੇ ਅਜੇ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਲ 2015 ਵਿਚ ਵਾਪਰੇ ਭੀਮ ਕਤਲ ਕਾਂਡ ਦੌਰਾਨ ਅਜੇ ਦੇ ਭਰਾ ਵੱਲੋਂ ਗਵਾਹੀ ਦਿੱਤੀ ਗਈ ਸੀ, ਜਿਸ ਦੇ ਆਧਾਰ ’ਤੇ ਸ਼ਿਵ ਲਾਲ ਡੋਡਾ ਅਤੇ ਉਸ ਦੇ ਭਤੀਜੇ ਨੂੰ 20 ਸਾਲ ਦੀ ਸਜ਼ਾ ਹੋਈ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਸ਼ਿਵ ਲਾਲ ਡੋਡਾ ਦੇ ਹਾਲ ਹੀ ਵਿਚ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਦਾ ਕਤਲ ਹੋ ਗਿਆ ਹੈ।

ਸੁਨੀਲ ਜਾਖੜ ਨੇ ਇਸ ਘਟਨਾ ਪਿੱਛੇ ਡੂੰਘੀ ਸਾਜ਼ਿਸ਼ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਗੰਭੀਰ ਅਪਰਾਧ ਵਿਚ ਸਜ਼ਾ ਹੋ ਚੁੱਕੀ ਹੋਵੇ ਅਤੇ ਉਹ ਜ਼ਮਾਨਤ ’ਤੇ ਬਾਹਰ ਹੋਵੇ, ਤਾਂ ਉਸ ਨੂੰ ਗੰਨਮੈਨ ਮੁਹੱਈਆ ਕਰਵਾਉਣ ਦੇ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਅਜਿਹੇ ਵਿਅਕਤੀਆਂ ਨੂੰ ਸਰਕਾਰੀ ਸੁਰੱਖਿਆ ਦੇਣ ਦਾ ਆਧਾਰ ਕੀ ਹੈ।

ਉਨ੍ਹਾਂ ਕਿਹਾ ਕਿ ਅਜੇ ਨੇ ਮਰਨ ਤੋਂ ਪਹਿਲਾਂ ਪੁਲਸ ਨੂੰ ਸਪਸ਼ਟ ਬਿਆਨ ਦਿੱਤੇ ਸਨ, ਪਰ ਉਨ੍ਹਾਂ ਦੇ ਦਾਅਵੇ ਅਨੁਸਾਰ ਪੁਲਸ ਵੱਲੋਂ ਹਾਲੇ ਤੱਕ ਉਨ੍ਹਾਂ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਨਹੀਂ ਕੀਤਾ ਗਿਆ। ਜਾਖੜ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜਿਹੜੇ ਵੀ ਵਿਅਕਤੀ ਇਸ ਕਤਲ ਵਿੱਚ ਸ਼ਾਮਲ ਪਾਏ ਜਾਣ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਅਜੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਸਲ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ।


author

Anmol Tagra

Content Editor

Related News