ਵੱਡੀ ਖ਼ਬਰ : ਪੰਜਾਬ ''ਚ ਦਫ਼ਤਰੀ ਸਟਾਫ਼ ਦੀ ਹੜਤਾਲ ਪਰ ਮੋਗਾ ’ਚ ''ਤਾਰਿਆਂ ਦੀ ਛਾਵੇਂ'' ਹੋ ਰਹੀਆਂ ਰਜਿਸਟਰੀਆਂ
Saturday, Dec 09, 2023 - 07:34 PM (IST)
ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਸੂਬੇ ਭਰ 'ਚ ਪਿਛਲੇ ਮਹੀਨੇ 8 ਨਵੰਬਰ ਤੋਂ ਮਨਿਸਟਰੀਅਲ ਕਾਮਿਆਂ ਨੇ ਕਲਮ-ਛੋੜ ਹੜਤਾਲ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਸਮੁੱਚਾ ਕੰਮ-ਕਾਰ ‘ਠੱਪ’ ਕਰ ਦਿੱਤਾ ਹੈ, ਉੱਥੇ ਹੀ ਜਾਪਦਾ ਹੈ ਕਿ ਮੋਗਾ ਦੇ ਮਾਲ ਮਹਿਕਮੇ ਦੇ ਮੁਲਾਜ਼ਮ ਅਤੇ ਰਜਿਸਟਰੀ ਕਲਰਕ ਕਥਿਤ ਤੌਰ ’ਤੇ ਯੂਨੀਅਨ ਦਾ ਹਿੱਸਾ ਹੀ ਨਹੀਂ ਹਨ ਕਿਉਂਕਿ ਇੱਥੇ ਵੱਡੇ ਪੱਧਰ ’ਤੇ ਰਜਿਸਟਰੀਆਂ ਹੋ ਰਹੀਆਂ ਹਨ। ਸਵਾਲ ਇਹ ਨਹੀਂ ਕਿ ਰਜਿਸਟਰੀਆਂ ਕਿਉਂ ਹੋ ਰਹੀਆਂ ਹਨ, ਵੱਡੀ ਖ਼ਬਰ ਇਹ ਹੈ ਕਿ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਮੋਗਾ ’ਚ 'ਤਾਰਿਆਂ ਦੀ ਛਾਵੇਂ' ਉਦੋਂ ਰਜਿਸਟਰੀਆਂ ਹੁੰਦੀਆਂ ਹਨ, ਜਦੋਂ ਸਮੁੱਚੇ ਸਰਕਾਰੀ ਦਫ਼ਤਰ ਸਵੇਰੇ 9 ਤੋਂ 5 ਵਜੇ ਤੱਕ ਬੰਦ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਦੋਸਤ ਦਾ ਜਨਮ ਦਿਨ ਮਨਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਹੋਇਆ ਉਹ ਜੋ ਸੋਚਿਆ ਨਹੀਂ ਸੀ
‘ਜਗ ਬਾਣੀ’ ਨੂੰ ਸੂਤਰਾਂ ਤੋਂ ਮਿਲੀ ਪੁਖਤਾ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ ਕਿ ਮੋਗਾ ਵਿਖੇ ਸ਼ੁੱਕਰਵਾਰ ਦੀ ਦੇਰ ਸ਼ਾਮ ਜਦੋਂ ਸਾਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦਫ਼ਤਰ ਬੰਦ ਹੋ ਗਏ ਸਨ ਤਾਂ ਉਦੋਂ 23 ਦੇ ਲਗਭਗ ਰਜਿਸਟਰੀਆਂ ਹੋਈਆਂ। ਇਸ ਪੱਤਰਕਾਰ ਕੋਲ ਇਨ੍ਹਾਂ ਰਜਿਸਟਰੀਆਂ ਦੀਆਂ ਕਾਪੀਆਂ ਅਤੇ ਸਮਾਂ ਸਾਰਣੀ ਦਾ ਸਮੁੱਚਾ ਟਾਈਮ ਵੀ ਨਿਸ਼ਚਿਤ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੇ ਮਾਲ ਮਹਿਕਮੇ ਦੇ ਦਫ਼ਤਰ ਵਿਖੇ ਲੰਘੀ ਦੇਰ ਜਦੋਂ ਰਜਿਸਟਰੀਆਂ ਹੋ ਰਹੀਆਂ ਸਨ ਤਾਂ ਉਦੋਂ ਹਰ ਕਿਸੇ ਦੀ ਜ਼ੁਬਾਨ ’ਤੇ ਇਹੀ ਸਵਾਲ ਸੀ ਕਿ ਆਖਿਰਕਾਰ ਦੇਰ ਸ਼ਾਮ ਕਿਉਂ ਰਜਿਸਟਰੀਆਂ ਹੋ ਰਹੀਆਂ ਹਨ। ਰਜਿਸਟਰੀ ਕਰਵਾਉਣ ਲਈ ਆਏ ਇਕ ਨੌਜਵਾਨ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਸ ਨੇ ਭਾਵੇਂ ਜ਼ਰੂਰੀ ਅਸ਼ਟਾਮਾਂ ਦੀ ਸਾਰੀ ਫ਼ੀਸ ਤਾਂ ਪਹਿਲਾਂ ਹੀ ਭਰ ਦਿੱਤੀ ਸੀ ਪਰ ਕੁਝ ਦਿਨਾਂ ਤੱਕ ਤਾਂ ਉਸ ਨੂੰ ਹੜਤਾਲ ਕਰਕੇ ਰਜਿਸਟਰੀ ਕਰਨ ਤੋਂ ਕੋਰੀ ਨਾਂਹ ਹੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਕਾਰ ਤੇ ਟਰੈਕਟਰ-ਟਰਾਲੀ ਦੀ ਟੱਕਰ 'ਚ ਕਾਰ ਚਾਲਕ ਗੰਭੀਰ ਜ਼ਖ਼ਮੀ
ਜਦੋਂ ਉਨ੍ਹਾਂ ਦਫ਼ਤਰ ਵਿਖੇ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਦੇ ਕੁਝ ਪ੍ਰਾਈਵੇਟ ਵਿਅਕਤੀਆਂ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਕਥਿਤ ਤੌਰ ’ਤੇ ਕੁਝ ਪੈਸੇ ਦੇ ਕੇ ਰਜਿਸਟਰੀ ਕਰਵਾਉਣ ਦੀ ਗੱਲ ਤੈਅ ਹੋ ਗਈ। ਉਨ੍ਹਾਂ ਕਿਹਾ ਕਿ ਦਫ਼ਤਰੀ ਅਮਲੇ ਦੀ ਹੜਤਾਲ ਕਰਕੇ ਕਥਿਤ ਤੌਰ ’ਤੇ ਲੋਕਾਂ ਨੂੰ ਵੱਡਾ ‘ਚੂਨਾ’ ਲੱਗ ਰਿਹਾ ਹੈ ਅਤੇ ਇਸ ਮਾਮਲੇ ’ਤੇ ਸਰਕਾਰ ਨੂੰ ਕੋਈ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ੁੱਕਰਵਾਰ ਦੀ ਦੇਰ ਸ਼ਾਮ ਅਤੇ ਇਸ ਤੋਂ ਪਹਿਲਾਂ ਕਥਿਤ ਤੌਰ ’ਤੇ ਕੀਤੀਆਂ ਗਈਆਂ ਰਜਿਸਟਰੀਆਂ ਦੀ ਪੜਤਾਲ ਕੀਤੀ ਜਾਵੇ। ਇਸ ਸਬੰਧੀ ਪੱਖ ਜਾਣਨ ਲਈ ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਰਜਿਸਟਰੀ ਕਲਰਕ ਤਲਵਿੰਦਰ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।
ਹਲਕਾ ਵਿਧਾਇਕਾ ਨੇ ਮਾਮਲੇ ਦੀ ਫੌਰੀ ਤੌਰ 'ਤੇ ਮੰਗੀ ਰਿਪੋਰਟ
ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਜੋ ਮਾਲ ਵਿਭਾਗ 'ਚੋਂ ਪੂਰਨ ਤੌਰ ’ਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਕੰਮ ਕਰ ਰਹੇ ਹਨ, ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ 11 ਦਸੰਬਰ ਸੋਮਵਾਰ ਤੱਕ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਮਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਪੰਜਾਬ 'ਚ 300 ਰਜਿਸਟਰੀਆਂ ਹੋਈਆਂ ਹਨ ਪਰ ਇਹ ਪਤਾ ਲਗਾਇਆ ਜਾ ਰਿਹਾ ਕਿ ਆਖਿਰਕਾਰ ਕਿਉਂ ਦੇਰ ਸ਼ਾਮ ਰਜਿਸਟਰੀਆਂ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਨਕਾਬਪੋਸ਼ਾਂ ਨੇ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ, ਗੋਲਕ ’ਚੋਂ ਚੋਰੀ ਕੀਤੇ ਡੇਢ ਲੱਖ ਰੁਪਏ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੀਸੀਟੀਵੀ ਕੈਮਰੇ ਚੈੱਕ ਕਰਵਾ ਕੀਤੀ ਜਾਵੇ ਜਾਂਚ : ਐਡਵੋਕੇਟ ਰਾਜਪਾਲ ਸ਼ਰਮਾ
ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਰਾਜਪਾਲ ਸ਼ਰਮਾ ਨੇ ਕਿਹਾ ਕਿ ਉਹ ਰਜਿਸਟਰੀਆਂ ਕਰਨ ਦੇ ਹਾਮੀ ਹਨ ਪਰ ਦੇਰ ਰਾਤ ਤੱਕ ਕਿਉਂ ਰਜਿਸਟਰੀਆਂ ਕੀਤੀਆਂ ਗਈਆਂ, ਇਹ ਮਾਮਲਾ ਸ਼ੱਕੀ ਜਾਪਦਾ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਅਤੇ ਹੜਤਾਲ ਦੇ ਸਮੇਂ ਦੌਰਾਨ ਕੀਤੀਆਂ ਸਾਰੀਆਂ ਰਜਿਸਟਰੀਆਂ ਦੇ ਮਾਮਲੇ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਵਾ ਕੇ ਜਾਂਚ ਕੀਤੀ ਜਾਵੇ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਦਫ਼ਤਰ ਵਿੱਚ ਵੱਡੇ ਸਿਵਲ ਅਧਿਕਾਰੀ ਹਨ, ਉਸ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ, ਇਹ ਵੱਡਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ, ਮਾਲ ਵਿਭਾਗ ਪੰਜਾਬ ਅਤੇ ਵਿਜੀਲੈਂਸ ਬਿਊਰੋ ਪੰਜਾਬ ਅਤੇ ਮੋਗਾ ਨੂੰ ਸ਼ਿਕਾਇਤ ਭੇਜੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੜਕ ਹਾਦਸੇ 'ਚ ਵਿਅਕਤੀ ਦੀ ਮੌਤ, ਮੌਕੇ 'ਤੇ ਨਹੀਂ ਪਹੁੰਚੀ ਪੁਲਸ, ਭੜਕੇ ਲੋਕਾਂ ਨੇ ਰੋਡ ਕੀਤਾ ਜਾਮ
ਦਫ਼ਤਰੀ ਕਾਮੇ ਯੂਨੀਅਨ ਵੀ ਕਰੇਗੀ ਮਾਮਲੇ ਦੀ ਪੜਤਾਲ
ਇਸ ਦੌਰਾਨ ਜਦੋਂ ਹੜਤਾਲ ਕਰਕੇ ਸਭ ਕੰਮ ਬੰਦ ਹਨ ਤਾਂ ਰਜਿਸਟਰੀਆਂ ਦੇਰ ਸ਼ਾਮ ਹੋ ਰਹੀਆਂ ਹਨ। ਇਸ ਸਬੰਧੀ ਜਦੋਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਰਜਿਸਟਰੀ ਕਲਰਕ ਯੂਨੀਅਨ ਦਾ ਹਿੱਸਾ ਹਨ ਤੇ ਉਨ੍ਹਾਂ ਬਿਨਾਂ ਰਜਿਸਟਰੀ ਨਹੀਂ ਹੋ ਸਕਦੀ ਪਰ ਜੇਕਰ ਫਿਰ ਵੀ ਰਜਿਸਟਰੀਆਂ ਹੋਈਆਂ ਹਨ ਤਾਂ ਇਸ ਮਾਮਲੇ ਦੀ ਯੂਨੀਅਨ ਆਪਣੇ ਪੱਧਰ 'ਤੇ ਪੜਤਾਲ ਕਰੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8