10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ PSEB ਨੇ ਜਾਰੀ ਕੀਤੇ ਸਖ਼ਤ ਹੁਕਮ, ਹਰ ਹਾਲ ''ਚ ਮੰਨਣੇ ਪੈਣਗੇ
Saturday, Feb 03, 2024 - 06:57 PM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਫਰਵਰੀ ਤੋਂ 30 ਮਾਰਚ ਤੱਕ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਪ੍ਰੀਖਿਆਰਥੀਆਂ ਦੀਆਂ ਜੁੱਤੀਆਂ ਅਤੇ ਜੁਰਾਬਾਂ ਪ੍ਰੀਖਿਆ ਹਾਲ ’ਚ ਨਹੀਂ ਉਤਰਵਾਏ ਜਾਣਗੇ। ਲੋੜ ਪੈਣ ’ਤੇ ਕਿਸੇ ਵਿਦਿਆਰਥੀ ਦੀ ਤਲਾਸ਼ੀ ਵੀ ਮਹਿਲਾ ਨਿਗਰਾਨ ਤੋਂ ਹੀ ਕਰਵਾਏ ਜਾਣ ਦੇ ਹੁਕਮ ਸੁਪਰੀਡੈਂਟਾਂ ਨੂੰ ਬੋਰਡ ਵੱਲੋਂ ਜਾਰੀ ਕੀਤੇ ਗਏ ਹਨ। ਪ੍ਰੀਖਿਆਵਾਂ ਦੀਆਂ ਤਿਆਰੀਆਂ ਸਬੰਧੀ ਬੋਰਡ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਨੂੰ ਹਰ ਹਾਲ ’ਚ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ। ਬੋਰਡ ਨੇ ਸਾਰੇ ਸੁਪਰੀਡੈਂਟਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਚੈਕਿੰਗ ਦੇ ਨਾਂ ’ਤੇ ਕਿਸੇ ਵੀ ਪ੍ਰੀਖਿਆਰਥੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ ਅਤੇ ਪ੍ਰੀਖਿਆਰਥੀ ਵੱਲੋਂ ਪਹਿਨੀਆਂ ਗਈਆਂ ਧਾਰਮਿਕ ਨਿਸ਼ਾਨੀਆਂ ਉਤਰਵਾਉਣ ਤੋਂ ਗੁਰੇਜ਼ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਨਗਰ ਨਿਗਮ ਮੁਲਾਜ਼ਮਾਂ ਨੂੰ ਵੱਡੀ ਰਾਹਤ, ਤਨਖ਼ਾਹ ਵਧਾਉਣ ਬਾਰੇ ਆਈ ਨਵੀਂ Notification
ਪ੍ਰੀਖਿਆ ਕੇਂਦਰ ’ਚ ਨਿਗਰਾਨ ਸਟਾਫ਼ ਦੇ ਵੀ ਮੋਬਾਇਲ ਫੋਨ ਜਾਂ ਕਿਸੇ ਇਲੈਕਟ੍ਰਾਨਿਕ ਡਿਵਾਈਸ ਲਿਜਾਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਹੀ ਨਹੀਂ, ਜੇਕਰ ਕੋਈ ਅਧਿਆਪਕ ਪ੍ਰੀਖਿਆ ਕੇਂਦਰ ’ਚ ਮੋਬਾਇਲ ਦੀ ਵਰਤੋਂ ਕਰਦਾ ਫੜ੍ਹਿਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਜਾਵੇਗਾ। ਜੇਕਰ ਕੋਈ ਪ੍ਰੀਖਿਆਰਥੀ ਇਲੈਕਟ੍ਰਾਨਿਕ ਡਿਵਾਈਸ ਜਾਂ ਮੋਬਾਇਲ ਦੀ ਵਰਤੋਂ ਪ੍ਰੀਖਿਆ ਕੇਂਦਰ ਦੇ ਅੰਦਰ ਕਰਦਾ ਫੜ੍ਹਿਆ ਗਿਆ ਤਾਂ ਉਸ ’ਤੇ ਅਣਉੱਚਿਤ ਸਾਧਨਾਂ ਦੀ ਵਰਤੋਂ ਕਰਨ ਤਹਿਤ ਕੇਸ ਦਰਜ ਕੀਤਾ ਜਾਵੇਗਾ।
ਸਿੰਗਲ ਬੈਂਚ ’ਤੇ ਸਿੰਗਲ ਵਿਦਿਆਰਥੀ ਬਿਠਾਉਣ ਦੀ ਸ਼ਰਤ
ਪ੍ਰੀਖਿਆਰਥੀਆਂ ਨੂੰ ਪੇਪਰ ਦੇਣ ’ਚ ਕੋਈ ਮੁਸ਼ਕਲ ਨਾ ਆਵੇ, ਇਸ ਦੇ ਲਈ ਬੋਰਡ ਨੇ ਸਾਰੇ ਪ੍ਰੀਖਿਆ ਕੇਂਦਰਾਂ ’ਚ ਸਿੰਗਲ ਬੈਂਚ ਸਿੰਗਲ ਵਿਦਿਆਰਥੀ ਬਿਠਾਉਣ ਦੀ ਹੀ ਸ਼ਰਤ ਲਗਾ ਦਿੱਤੀ ਹੈ। ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕਿਸੇ ਪ੍ਰੀਖਿਆ ਕੇਂਦਰ ’ਚ ਡੈਸਕਾਂ ਦੀ ਕਮੀ ਹੈ ਤਾਂ ਉਸ ਨੂੰ ਪੂਰਾ ਕਰਨ ਲਈ ਕੇਂਦਰ ਕੰਟਰੋਲਰ ਨਾਲ ਸੰਪਰਕ ਕੀਤਾ ਜਾਵੇ ਪਰ ਕੋਈ ਵੀ ਪ੍ਰੀਖਿਆਰਥੀ ਜ਼ਮੀਨ ’ਤੇ ਬੈਠ ਕੇ ਪ੍ਰੀਖਿਆ ਦਿੰਦਾ ਨਾ ਪਾਇਆ ਜਾਵੇ। ਜਦੋਂ ਕਿ ਪ੍ਰੀਖਿਆ ਕੇਂਦਰ ਵੀ ਗਰਾਊਂਡ ਫਲੋਰ ’ਤੇ ਬਣਾਉਣ ਨੂੰ ਪਹਿਲ ਦਿੱਤੀ ਜਾਵੇ। ਬੋਰਡ ਨੇ ਸਾਰੇ ਸੁਪਰੀਡੈਂਟਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰੀਖਿਆ ਕੇਂਦਰ ਦੇ ਮੁੱਖ ਗੇਟ ’ਤੇ ਤਾਲਾ ਨਾ ਲੱਗਾ ਹੋਵੇ ਅਤੇ ਉੱਥੇ ਚੌਥਾ ਦਰਜਾ ਮੁਲਾਜ਼ਮ ਦੀ ਨਿਯੁਕਤੀ ਯਕੀਨੀ ਤੌਰ ’ਤੇ ਹੋਣੀ ਚਾਹੀਦੀ ਹੈ।
ਨਕਲ ਦਾ ਰੁਝਾਨ ਸਾਹਮਣੇ ਆਇਆ ਤਾਂ ਪੂਰੇ ਸਟਾਫ਼ ’ਤੇ ਹੋ ਸਕਦੀ ਹੈ ਕਾਰਵਾਈ
ਪ੍ਰੀਖਿਆ ਕੇਂਦਰ ’ਚ ਵਾਟਰਮੈਨ ਦੇ ਵਾਰ-ਵਾਰ ਆਉਣ ਨੂੰ ਰੋਕਿਆ ਜਾਵੇ। ਸਭ ਤੋਂ ਅਹਿਮ ਹੁਕਮ ਜੋ ਬੋਰਡ ਨੇ ਦਿੱਤੇ ਹਨ, ਉਹ ਸੁਪਰੀਡੈਂਟਾਂ ਦੇ ਮਿਹਨਤਾਨੇ ਨੂੰ ਲੈ ਕੇ ਹੈ, ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਸੈਂਟਰ ’ਚ ਕੋਈ ਯੂ. ਐੱਮ. ਸੀ. ਕੇਸ ਬਣਦਾ ਹੈ ਤਾਂ ਸੁਪਰੀਡੈਂਟ ਨੂੰ ਉਦੋਂ ਤੱਕ ਮਿਹਨਤਾਨੇ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ, ਜਦੋਂ ਤੱਕ ਕੇਸ ਹੱਲ ਨਹੀਂ ਹੋਵੇਗਾ। ਜੇਕਰ ਕਿਸੇ ਕੇਂਦਰ ’ਚ ਨਕਲ ਦਾ ਰੁਝਾਨ ਸਾਹਮਣੇ ਆਉਣ ਦੀ ਪੁਸ਼ਟੀ ਫਲਾਇੰਗ ਸਕੁਐਡ ਦੇ ਮੁਖੀ ਵੱਲੋਂ ਕੀਤੀ ਜਾਂਦੀ ਹੈ ਤਾਂ ਸਬੰਧਿਤ ਸਟਾਫ਼ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਜਾਵੇਗਾ।
ਇਹ ਵੀ ਪੜ੍ਹੋ : ਪਰਵਾਸੀ ਪੰਜਾਬੀਆਂ ਦੇ ਸਾਰੇ ਮਸਲੇ ਹੋਣਗੇ ਹੱਲ, ਅੱਜ ਤੋਂ 'NRIs' ਮਿਲਣੀ ਦੀ ਸ਼ੁਰੂਆਤ
ਇਹ ਵੀ ਰੱਖਣਾ ਪਵੇਗਾ ਧਿਆਨ
ਕਿਸੇ ਵੀ ਵਿਦਿਆਰਥੀ ਨੂੰ ਰੋਲ ਨੰਬਰ ਸਲਿੱਪ ਤੋਂ ਬਿਨਾਂ ਪ੍ਰੀਖਿਆ ਕੇਂਦਰ ’ਚ ਦਾਖ਼ਲੇ ਦੀ ਮਨਜ਼ੂਰੀ ਨਹੀਂ ਹੋਵੇਗੀ।
ਵਿਦਿਆਰਥੀ ਨੂੰ ਪਾਰਦਰਸ਼ੀ ਬੋਤਲ ’ਚ ਪਾਣੀ ਲਿਆਉਣ ਦੀ ਆਗਿਆ ਹੋਵੇਗੀ।
ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ’ਤੇ ਇਕ ਘੰਟਾ ਪਹਿਲਾਂ ਪੁੱਜਣਾ ਜ਼ਰੂਰੀ ਹੈ।
ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਸਾਰੀਆਂ ਵਿਵਸਥਾਵਾਂ ਪੂਰੀਆਂ ਹੋਣ।
ਕੇਂਦਰ ਕੰਟਰੋਲਰ ਵੱਲੋਂ ਪ੍ਰਸ਼ਨ-ਪੱਤਰਾਂ ਦੇ ਸੀਲਬੰਦ ਪੈਕੇਟ ਖੋਲ੍ਹਦੇ ਸਮੇਂ ਸਮਾਂ ਦਰਜ ਕਰ ਕੇ ਆਪਣੇ ਅਤੇ ਡਿਪਟੀ ਸੁਪਰੀਡੈਂਟ, ਨਿਗਰਾਨ ਅਤੇ 2 ਵਿਦਿਆਰਥੀਆਂ ਦੇ ਦਸਤਖ਼ਤ ਵੀ ਕਰਵਾਉਣੇ ਹੋਣਗੇ।
ਮੁੜ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਵੱਖਰਾ ਪ੍ਰਸ਼ਨ-ਪੱਤਰ ਹੋਵੇਗਾ, ਜਿਨ੍ਹਾਂ ਪ੍ਰੀਖਿਆ ਕੇਂਦਰਾਂ ’ਤੇ ਮੁੜ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਹਨ, ਉੱਥੇ ਵਿਦਿਆਰਥੀਆਂ ਨੂੰ ਸਿਰਫ ਮੁੜ ਪ੍ਰੀਖਿਆ ਦੇਣ ਵਾਲਾ ਪ੍ਰਸ਼ਨ-ਪੱਤਰ ਹੀ ਦਿੱਤਾ ਜਾਵੇ।
ਪ੍ਰੀਖਿਆ ਦੇ ਦਿਨ ਦੇ ਵਿਸ਼ੇ ਅਧਿਆਪਕ ਦੀ ਡਿਊਟੀ ਨਹੀਂ ਹੋਵੇਗੀ। ਨਿਗਰਾਨੀ ਕਰਨ ਵਾਲਾ ਸਟਾਫ਼ ਸਬੰਧਿਤ ਸਕੂਲ ਤੋਂ ਹੋਵੇਗਾ।
ਪ੍ਰੀਖਿਆ ਕੇਂਦਰ ਦੇ ਆਸ-ਪਾਸ ਧਾਰਾ 144 ਲੱਗੇਗੀ।
ਡਿਊਟੀ ’ਤੇ ਤਾਇਨਾਤ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਪ੍ਰੀਖਿਆ ਕੇਂਦਰ ’ਚ ਦਾਖ਼ਲੇ ਦੀ ਆਗਿਆ ਨਹੀਂ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8