ਬਲੈਕ ਫੰਗਸ ਬਾਰੇ ਅਫਵਾਹਾਂ ਫੈਲਾਉਣ ਜਾਂ ਅਧੂਰੀ ਜਾਣਕਾਰੀ ਦੇਣ ’ਤੇ ਹੋਵੇਗੀ ਸਖ਼ਤ ਕਾਰਵਾਈ

Friday, Jun 04, 2021 - 04:04 PM (IST)

ਬਲੈਕ ਫੰਗਸ ਬਾਰੇ ਅਫਵਾਹਾਂ ਫੈਲਾਉਣ ਜਾਂ ਅਧੂਰੀ ਜਾਣਕਾਰੀ ਦੇਣ ’ਤੇ ਹੋਵੇਗੀ ਸਖ਼ਤ ਕਾਰਵਾਈ

ਲੁਧਿਆਣਾ (ਸਹਿਗਲ) : ਬਲੈਕ ਫੰਗਸ ਸਬੰਧੀ ਅਧੂਰੀ, ਅਨਸਾਇੰਟੀਫਿਕ ਜਾਣਕਾਰੀ ਅਤੇ ਅਫਵਾਹਾਂ ਫੈਲਾਉਣ ’ਤੇ ਹੁਣ ਕੇਸ ਦਰਜ ਹੋ ਸਕਦਾ ਹੈ ਕਿਉਂਕਿ ਸਰਕਾਰ ਵੱਲੋਂ ਇਸ ਨੂੰ ਨੋਟੀਫਾਈਡ ਡਿਜ਼ੀਜ਼ ਐਲਾਨਣ ਤੋਂ ਬਾਅਦ 1 ਸਾਲ ਲਈ ਅਜਿਹੀ ਵਿਵਸਥਾ ਲਾਗੂ ਕਰ ਦਿੱਤੀ ਗਈ ਹੈ। ਜਿਸ ਦੇ ਅਧੀਨ ਕੋਈ ਵਿਅਕਤੀ ਜਾਂ ਸੰਸਥਾ ਹੁਣ ਬਲੈਕ ਫੰਗਸ ਦੇ ਮਾਮਲੇ ’ਚ ਕੋਵਿਡ-19 ਦੇ ਮਰੀਜ਼ਾਂ ’ਚ ਇਸ ਦੇ ਇਲਾਜ ਅਤੇ ਮੈਨੇਜਮੈਂਟ ਬਾਰੇ ਜਾਣਕਾਰੀ ਨਹੀਂ ਦੇ ਸਕਦਾ। ਅਜਿਹਾ ਕਰਨ ਤੋਂ ਪਹਿਲਾਂ ਉਸ ਨੂੰ ਸਿਹਤ ਪਰਿਵਾਰ ਕਲਿਆਣ ਮਹਿਕਮੇ ਤੋਂ ਅਗੇਤੀ ਇਜਾਜ਼ਤ ਲੈਣੀ ਹੋਵੇਗੀ। ਸੂਬੇ ਦੇ ਸਿਹਤ ਨਿਰਦੇਸ਼ਕ ਨੇ ਸਾਰੇ ਸਿਵਲ ਸਰਜਨਾਂ ਨੂੰ ਜਾਰੀ ਪੱਤਰ ਵਿਚ ਕਿਹਾ ਹੈ ਕਿ ਸਾਰੇ ਹਸਪਲਤਾਲ, ਡੈਂਟਲ ਕਾਲਜ ਅਤੇ ਕਲੀਨਿਕ ਨੂੰ ਬਲੈਕ ਫੰਗਸ ਦੇ ਹਰ ਸ਼ੱਕੀ ਜਾਂ ਪਾਜ਼ੇਟਿਵ ਮਰੀਜ਼ ਦੀ ਜਾਣਕਾਰੀ ਤੁਰੰਤ ਸਿਹਤ ਮਹਿਕਮੇ ਨੂੰ ਦੇਣੀ ਹੋਵੇਗੀ। ਸਿਹਤ ਮਹਿਕਮੇ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਨਿਰਦੇਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬੀਮਾਰੀ ਤੋਂ ਤੰਗ ਆ ਕੇ 2 ਬੱਚਿਆਂ ਦੇ ਪਿਓ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

7 ਨਵੇਂ ਮਰੀਜ਼ ਆਏ ਸਾਹਮਣੇ
ਬਲੈਕ ਫੰਗਸ ਦੇ 7 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 5 ਜ਼ਿਲ੍ਹੇ ਦੇ, ਜਦੋਂਕਿ 2 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਸਿਹਤ ਅਧਿਕਾਰੀਆਂ ਮੁਤਾਬਕ ਜ਼ਿਲ੍ਹੇ ਵਿਚ ਹੁਣ ਤੱਕ 89 ਬਲੈਕ ਫੰਗਸ ਦੇ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 41 ਜ਼ਿਲ੍ਹੇ ਦੇ, ਜਦੋਂਕਿ 48 ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਹਨ। ਬਲੈਕ ਫੰਗਸ ਨਾਲ ਹੁਣ ਤੱਕ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ ਵਿਚ ਦਯਾਨੰਦ ਹਸਪਤਾਲ ਵਿਚ 37, ਸੀ. ਐੱਮ. ਸੀ. ਵਿਚ 17, ਦੀਪ ਵਿਚ 17, ਐੱਸ. ਪੀ. ਐੱਸ. ਵਿਚ 11, ਓਸਵਾਲ ਵਿਚ 2 ਅਤੇ ਇਕ-ਇਕ ਮਰੀਜ਼ ਸਿਵਲ, ਦੀਪਕ ਅਤੇ ਫੋਰਟਿਸ ਹਸਪਤਾਲ ਵਿਚ ਦਾਖਲ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ 1 ਬਲੈਕ ਅਤੇ 1 ਵ੍ਹਾਈਟ ਫੰਗਸ ਦਾ ਮਾਮਲਾ ਆਇਆ ਸਾਹਮਣੇ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News