ਬਿਨਾਂ ਮਨਜ਼ੂਰੀ ਵਿਦੇਸ਼ ਗਏ 149 ਨੰਬਰਦਾਰਾਂ ਦੀ ਖੈਰ ਨਹੀਂ, ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਚੁੱਕੇਗੇ ਸਖ਼ਤ ਕਦਮ

Friday, Feb 24, 2023 - 12:25 PM (IST)

ਬਿਨਾਂ ਮਨਜ਼ੂਰੀ ਵਿਦੇਸ਼ ਗਏ 149 ਨੰਬਰਦਾਰਾਂ ਦੀ ਖੈਰ ਨਹੀਂ, ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਚੁੱਕੇਗੇ ਸਖ਼ਤ ਕਦਮ

ਜਲੰਧਰ (ਚੋਪੜਾ)–ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿਨਾਂ ਮਨਜ਼ੂਰੀ ਲਏ ਜ਼ਿਲ੍ਹੇ ਨਾਲ ਸਬੰਧਤ ਵੱਡੀ ਗਿਣਤੀ ਵਿਚ ਨੰਬਰਦਾਰ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ ਵਿਚ ਬੈਠੇ ਹੋਏ ਹਨ। ਇਨ੍ਹਾਂ ਨੰਬਰਦਾਰਾਂ ਨੂੰ ਬਿਨਾਂ ਕੋਈ ਕੰਮ ਕੀਤੇ ਸਰਕਾਰ ਵੱਲੋਂ ਜ਼ਰੂਰੀ ਮਾਣਭੱਤਾ ਅਤੇ ਹੋਰ ਸਹੂਲਤਾਂ ਲਗਾਤਾਰ ਮਿਲ ਰਹੀਆਂ ਹਨ। ਇਹ ਸਾਰੀ ਖੇਡ ਪਟਵਾਰੀਆਂ ਅਤੇ ਤਹਿਸੀਲ ਸਟਾਫ਼ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ ਪਰ ਹੁਣ ਅਜਿਹੇ ਨੰਬਰਦਾਰਾਂ ਦੀ ਖੈਰ ਨਹੀਂ। ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰਾਂ ਤੋਂ ਉਨ੍ਹਾਂ ਦੀ ਸਬੰਧਤ ਸਬ-ਡਿਵੀਜ਼ਨ ਅਤੇ ਤਹਿਸੀਲਾਂ ਵਿਚ ਬਿਨਾਂ ਮਨਜ਼ੂਰੀ ਦੇ ਵਿਦੇਸ਼ ਗਏ ਨੰਬਰਦਾਰਾਂ ਦੀ ਰਿਪੋਰਟ ਤਲਬ ਕਰ ਲਈ ਹੈ। ਹਾਲਾਂਕਿ ਤਹਿਸੀਲਦਾਰਾਂ ਨੇ ਡੀ. ਸੀ. ਨੂੰ ਜ਼ਿਲ੍ਹੇ ਵਿਚ ਤਾਇਨਾਤ ਕੀਤੇ ਨੰਬਰਦਾਰਾਂ ਵਿਚੋਂ ਜਲੰਧਰ ਦੀਆਂ 6 ਸਬ-ਡਿਵੀਜ਼ਨਾਂ ਅਤੇ ਤਹਿਸੀਲਾਂ ’ਚ 149 ਅਜਿਹੇ ਨੰਬਰਦਾਰਾਂ ਦੀ ਲਿਸਟ ਸੌਂਪੀ ਹੈ, ਜਿਹੜੇ ਕਿ ਬਿਨਾਂ ਮਨਜ਼ੂਰੀ ਹਾਸਲ ਕੀਤੇ ਵਿਦੇਸ਼ਾਂ ਵਿਚ ਗਏ ਹੋਏ ਹਨ ਪਰ ਡੀ. ਸੀ. ਇਸ ਸੂਚੀ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਜ਼ਿਲ੍ਹੇ ਵਿਚ ਤਾਇਨਾਤ ਤਹਿਸੀਲਦਾਰਾਂ ਨੂੰ ਚਿੱਠੀ ਲਿਖ ਕੇ 2 ਦਿਨਾਂ ਅੰਦਰ ਰਿਪੋਰਟ ਮੰਗੀ ਹੈ ਕਿ ਜਿਹੜੇ ਨੰਬਰਦਾਰ ਡੀ. ਸੀ. ਦੀ ਮਨਜ਼ੂਰੀ ਲਏ ਬਿਨਾਂ ਵਿਦੇਸ਼ ਚਲੇ ਗਏ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕੇਸ ਸਬੰਧਤ ਐੱਸ. ਡੀ. ਐੱਮ. ਜ਼ਰੀਏ ਸਿਫ਼ਾਰਸ਼ੀ ਟਿੱਪਣੀ ਸਮੇਤ ਡੀ. ਸੀ. ਆਫਿਸ ਭੇਜੇ ਜਾਣ ਤਾਂ ਕਿ ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।
ਹੁਣ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਨੰਬਰਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਜਿਹੜੇ ਨੰਬਰਦਾਰ ਬਿਨਾਂ ਮਨਜ਼ੂਰੀ ਦੇ ਵਿਦੇਸ਼ ਗਏ ਪਾਏ ਗਏ, ਉਨ੍ਹਾਂ ਦੀ ਨੰਬਰਦਾਰੀ ਰੱਦ ਕਰਨ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਮੰਤਰੀ ਅਮਨ ਅਰੋੜਾ ਨੇ ਪਹਿਲੀ ਵਾਰੀ ਕੈਮਰੇ ਅੱਗੇ ਖੋਲ੍ਹੇ ਜ਼ਿੰਦਗੀ ਦੇ ਭੇਤ, ਵੜਿੰਗ ਦੇ ਬਿਆਨ ਦਾ ਵੀ ਦਿੱਤਾ ਜਵਾਬ

PunjabKesari

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਜਿੰਨੇ ਨੰਬਰਦਾਰ ਬਣਾਏ ਗਏ ਹਨ, ਉਨ੍ਹਾਂ ਵਿਚੋਂ ਗਿਣਤੀ ਦੇ ਨੰਬਰਦਾਰ ਹੀ ਕੰਮ ਕਰ ਰਹੇ ਹਨ। ਹਾਲਾਂਕਿ ਡੀ. ਸੀ. ਆਫਿਸ ਵੱਲੋਂ ਅਜਿਹੇ ਨੰਬਰਦਾਰਾਂ ਦੀ ਨਾ ਤਾਂ ਜਾਂਚ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਮਿਲ ਰਿਹਾ ਮਾਣਭੱਤਾ ਰੋਕਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਕੋਲ ਨੰਬਰਦਾਰਾਂ ਦੀ ਜਿਹੜੀ ਲਿਸਟ ਬਣੀ ਹੈ, ਸਿਰਫ਼ ਉਸੇ ਆਧਾਰ ’ਤੇ ਦਫ਼ਤਰ ਵਿਚ ਬੈਠੇ ਕਰਮਚਾਰੀ ਨੰਬਰਦਾਰਾਂ ਦੇ ਅਕਾਊਂਟ ਵਿਚ ਮਾਣਭੱਤਾ ਟਰਾਂਸਫ਼ਰ ਕਰੀ ਜਾ ਰਹੇ ਹਨ। ਹਾਲਾਂਕਿ ਨੰਬਰਦਾਰ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਪੂਰਾ ਕਰ ਰਹੇ ਹਨ ਜਾਂ ਨਹੀਂ, ਇਸ ਦੀ ਪੜਤਾਲ ਕਰਨਾ ਇਲਾਕੇ ਦੇ ਪਟਵਾਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਇਸ ਕੰਮ ਵਿਚ ਹਰੇਕ ਪੱਧਰ ’ਤੇ ਲਾਪ੍ਰਵਾਹੀ ਵਰਤੀ ਗਈ ਹੈ ਕਿਉਂਕਿ ਤਹਿਸੀਲਦਾਰ ਵੱਲੋਂ ਭੇਜੀ ਗਈ 149 ਨੰਬਰਦਾਰਾਂ ਦੀ ਸੂਚੀ ਵਿਚ ਵੱਡੀ ਗਿਣਤੀ ਵਿਚ ਅਜਿਹੇ ਨੰਬਰਦਾਰਾਂ ਦੀ ਹੈ, ਜਿਹੜੇ ਕਿ ਪਿਛਲੇ ਲੰਮੇ ਅਰਸੇ ਤੋਂ ਵਿਦੇਸ਼ ਗਏ ਹੋਏ ਹਨ ਅਤੇ ਇਨ੍ਹਾਂ ਵਿਚੋਂ ਅਨੇਕ ਨੰਬਰਦਾਰ ਤਾਂ ਪੱਕੇ ਤੌਰ ’ਤੇ ਵਿਦੇਸ਼ਾਂ ਵਿਚ ਸੈਟਲ ਹੋ ਚੁੱਕੇ ਹਨ ਪਰ ਉਨ੍ਹਾਂ ਦੀ ਨੰਬਰਦਾਰੀ ਕਾਗਜ਼ਾਂ ਵਿਚ ਅੱਜ ਵੀ ਚੱਲ ਰਹੀ ਹੈ। ਡੀ. ਸੀ. ਦੇ ਐਕਸ਼ਨ ਤੋਂ ਬਾਅਦ ਉਮੀਦ ਹੈ ਕਿ ਬਿਨਾਂ ਮਨਜ਼ੂਰੀ ਵਿਦੇਸ਼ ਜਾਣ ਵਾਲੇ ਨੰਬਰਦਾਰਾਂ ’ਤੇ ਕਾਰਵਾਈ ਦੀ ਗਾਜ ਡਿੱਗੇਗੀ।

ਬਿਨਾਂ ਮਨਜ਼ੂਰੀ ਲਏ ਵਿਦੇਸ਼ ਜਾਣ ਵਾਲਿਆਂ ਦੀ ਨੰਬਰਦਾਰੀ ਰੱਦ ਕਰਕੇ ਨਵੇਂ ਯੋਗ ਲੋਕਾਂ ਨੂੰ ਦਿਆਂਗੇ ਮੌਕਾ: ਡੀ. ਸੀ.
ਉਥੇ ਹੀ, ਡੀ. ਸੀ. ਜਸਪ੍ਰੀਤ ਸਿੰਘ ਦਾ ਇਸ ਸਬੰਧ ਵਿਚ ਕਹਿਣਾ ਹੈ ਕਿ ਜਿਹੜੇ ਨੰਬਰਦਾਰ ਬਿਨਾਂ ਮਨਜ਼ੂਰੀ ਵਿਦੇਸ਼ ਗਏ ਹੋਏ ਹਨ, ਉਨ੍ਹਾਂ ਦੀ ਨੰਬਰਦਾਰੀ ਨੂੰ ਰੱਦ ਕਰਕੇ ਉਨ੍ਹਾਂ ਦੀ ਥਾਂ ’ਤੇ ਨਵੇਂ ਯੋਗ ਲੋਕਾਂ ਨੂੰ ਨੰਬਰਦਾਰੀ ਸੌਂਪੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਨੰਬਰਦਾਰ ਪਿਛਲੇ ਲੰਮੇ ਅਰਸੇ ਤੋਂ ਵਿਦੇਸ਼ਾਂ ਵਿਚ ਪੱਕੇ ਤੌਰ ’ਤੇ ਸੈਟਲ ਹੋ ਕੇ ਰਹਿ ਰਹੇ ਹਨ ਅਤੇ ਸਰਕਾਰ ਤੋਂ ਮਾਣਭੱਤਾ ਵੀ ਲੈ ਰਹੇ ਹਨ, ਅਜਿਹੇ ਨੰਬਰਦਾਰਾਂ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਜ਼ਿਲ੍ਹੇ ਵਿਚ 340 ਨੰਬਰਦਾਰਾਂ ਦੇ ਅਹੁਦੇ ਹਨ ਖ਼ਾਲੀ
ਤਹਿਸੀਲਦਾਰਾਂ ਵੱਲੋਂ ਡੀ. ਸੀ. ਨੂੰ ਭੇਜੀ ਰਿਪੋਰਟ ਦੇ ਮੁਤਾਬਕ ਜ਼ਿਲ੍ਹੇ ਵਿਚ 340 ਨੰਬਰਦਾਰਾਂ ਦੇ ਅਜਿਹੇ ਅਹੁਦੇ ਖ਼ਾਲੀ ਚੱਲ ਰਹੇ ਹਨ, ਜਿਨ੍ਹਾਂ ’ਤੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਵਿਅਕਤੀ ਨੂੰ ਅਜੇ ਤੱਕ ਨੰਬਰਦਾਰੀ ਨਹੀਂ ਸੌਂਪੀ ਗਈ। ਡੀ. ਸੀ. ਨੇ ਇਸ ਸਬੰਧੀ ਵੀ ਤਹਿਸੀਲਦਾਰਾਂ ਤੋਂ ਸੂਚੀ ਮੰਗੀ ਸੀ, ਜਿਸ ਤੋਂ ਇਹ ਸਪੱਸ਼ਟ ਹੋਇਆ ਹੈ। ਹੁਣ ਪ੍ਰਸ਼ਾਸਨ ਜਲਦ ਅਜਿਹੇ ਖ਼ਾਲੀ ਅਹੁਦਿਆਂ ਨੂੰ ਭਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰੇਗਾ ਤਾਂ ਕਿ ਨੰਬਰਦਾਰਾਂ ਕਾਰਨ ਜਨਤਾ ਨੂੰ ਆ ਰਹੀਆਂ ਦਿੱਕਤਾਂ ਤੋਂ ਉਨ੍ਹਾਂ ਨੂੰ ਨਿਜਾਤ ਦਿਵਾਈ ਜਾ ਸਕੇ।
ਉਥੇ ਹੀ, ਡੀ. ਸੀ. ਨੇ ਤਹਿਸੀਲਦਾਰਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਨ੍ਹਾਂ ਵੱਲੋਂ ਬੀਤੇ ਸਮੇਂ ਵਿਚ ਭੇਜੀ ਗਈ ਰਿਪੋਰਟ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਖ਼ਾਲੀ ਪਏ ਨੰਬਰਦਾਰਾਂ ਦੇ ਅਹੁਦਿਆਂ ਨੂੰ ਭਰਨ ਸਬੰਧੀ ਉਨ੍ਹਾਂ ਦੇ ਦਫ਼ਤਰ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਨਹੀਂ, ਇਸ ਲਈ ਹਦਾਇਤ ਕੀਤੀ ਜਾਂਦੀ ਹੈ ਕਿ ਇਨ੍ਹਾਂ ਖ਼ਾਲੀ ਪਏ ਅਹੁਦਿਆਂ ਨੂੰ ਭਰਨ ਸਬੰਧੀ ਕੀਤੀ ਜਾ ਰਹੀ ਕਾਰਵਾਈ ਦੀ ਰਿਪੋਰਟ ਵੀ 2 ਦਿਨਾਂ ਅੰਦਰ ਭੇਜੀ ਜਾਵੇ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਸ੍ਰੀ ਚਮਕੌਰ ਸਾਹਿਬ 'ਚ ਹੋਮਗਾਰਡ ਜਵਾਨ ਦਾ ਕੁੱਟ-ਕੁੱਟ ਕੇ ਕੀਤਾ ਕਤਲ

ਤਹਿਸੀਲ ਅਤੇ ਸਬ-ਤਹਿਸੀਲ ਪੱਧਰ ’ਤੇ ਨੰਬਰਦਾਰਾਂ ਦੇ ਖ਼ਾਲੀ ਅਹੁਦੇ ਅਤੇ ਜਿਹੜੇ ਬਿਨਾਂ ਮਨਜ਼ੂਰੀ ਵਿਦੇਸ਼ ਗਏ ਹਨ
ਜ਼ਿਲ੍ਹੇ ਨਾਲ ਸਬੰਧਤ ਸਬ-ਡਿਵੀਜ਼ਨਾਂ ਅਤੇ ਤਹਿਸੀਲ ਪੱਧਰ ’ਤੇ ਨੰਬਰਦਾਰਾਂ ਦੇ 340 ਖ਼ਾਲੀ ਅਹੁਦਿਆਂ ਅਤੇ ਬਿਨਾਂ ਮਨਜ਼ੂਰੀ ਵਿਦੇਸ਼ ਗਏ 149 ਨੰਬਰਦਾਰਾਂ ਦੀ ਸੂਚੀ ਇਸ ਤਰ੍ਹਾਂ ਹੈ :

ਸਬ-ਡਵੀਜ਼ਨ/ਤਹਿਸੀਲ ਖ਼ਾਲੀ ਅਹੁਦੇ ਬਿਨਾਂ ਮਨਜ਼ੂਰੀ ਵਿਦੇਸ਼ ਗਏ ਨੰਬਰਦਾਰ
ਜਲੰਧਰ-1 41 7
ਜਲੰਧਰ -2                                       43  13
ਕਰਤਾਰਪੁਰ                                        9   10
ਆਦਮਪੁਰ                                   37 15
ਭੋਗਪੁਰ                                       34    22
ਨਕੋਦਰ                                             39 17
ਮਹਿਤਪੁਰ                                             16      8
ਸ਼ਾਹਕੋਟ                                          28 14
ਲੋਹੀਆਂ ਖਾਸ                                         0  4
ਫਿਲੌਰ                                                  35 15
ਗੋਰਾਇਆ                                                   16 19
ਨੂਰਮਹਿਲ                                         42   5

ਇਹ ਵੀ ਪੜ੍ਹੋ : ਵਿਆਹ ਲਈ ਚਾਵਾਂ ਨਾਲ ਮੰਗਵਾਏ ਆਨਲਾਈਨ ਗਹਿਣੇ, ਜਦ ਖੋਲ੍ਹਿਆ ਪਾਰਸਲ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

shivani attri

Content Editor

Related News