ਅਵਾਰਾ ਕੁੱਤਿਆਂ ਦੀ ਭਰਮਾਰ ਬਣੀ ਚਿੰਤਾ ਦਾ ਵਿਸ਼ਾ

Monday, Oct 28, 2024 - 12:32 PM (IST)

ਮੁੱਦਕੀ/ਘੱਲ ਖੁਰਦ (ਰੰਮੀ ਗਿੱਲ) : ਇੱਥੋਂ ਦੇ ਕੱਬਰਵੱਛਾ ਰੋਡ ਦੀਆਂ ਵੱਖ-ਵੱਖ ਗਲੀਆਂ ’ਚ ਅਵਾਰਾ ਕੁੱਤਿਆਂ ਦੀ ਭਰਮਾਰ ਪਾਈ ਜਾ ਰਹੀ ਹੈ, ਜਿਸ ਕਾਰਨ ਕਸਬਾ ਵਾਸੀ ਕਾਫ਼ੀ ਚਿੰਤਾ ਵਿਚ ਹਨ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਾਹਿਤ ਸਭਾ ਮੁੱਦਕੀ ਦੇ ਸੀਨੀਅਰ ਮੈਂਬਰ ਸੁਰਿੰਦਰ ਸਿੰਘ ਸੋਨੂੰ ਮੁੱਦਕੀ ਨੇ ਦੱਸਿਆ ਕਿ ਕੱਬਰਵੱਛਾ ਰੋਡ ਉੱਪਰ ਮੁਹੱਲੇ ਦੀਆਂ ਗਲੀਆਂ ’ਚ ਅਵਾਰਾ ਕੁੱਤੇ ਵੱਡੀ ਗਿਣਤੀ ’ਚ ਘੁੰਮ ਰਹੇ ਹਨ, ਜਿਸ ਕਾਰਨ ਘਰੋਂ ਬਾਹਰ ਪੜ੍ਹਨ ਜਾਂ ਖੇਡਣ ਜਾਣ ਮੌਕੇ ਬੱਚਿਆਂ ’ਚ ਡਰ ਪਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਦੇ ਨਾਲ-ਨਾਲ ਬਜ਼ੁਰਗਾਂ ਦੀ ਸੁਰੱਖਿਆ ਵੀ ਇਕ ਵੱਡੇ ਫ਼ਿਕਰ ਵਾਲੀ ਗੱਲ ਹੈ। ਅਵਾਰਾ ਕੁੱਤਿਆਂ ਦਾ ਦਿਨੋਂ-ਦਿਨ ਵੱਡੀ ਗਿਣਤੀ ਦੇ ਵਿਚ ਵੱਧਦੇ ਜਾਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਅਤੇ ਟੋਲੀਆਂ ਦੇ ਰੂਪ ’ਚ ਆਵਾਰਾ ਕੁੱਤੇ ਇਕੱਠੇ ਹੋ ਕੇ ਕਈ ਵਾਰ ਕਿਸੇ ਬੱਚੇ, ਬਜ਼ੁਰਗ ਜਾਂ ਕਿਸੇ ਇਕੱਲੇ ਇਨਸਾਨ ’ਤੇ ਹਮਲਾ ਕਰ ਦੇਣ ਦੇ ਪੂਰੇ ਸਮਰੱਥ ਹਨ, ਜਿਸ ਕਾਰਨ ਕੋਈ ਭਿਆਨਕ ਘਟਨਾ ਵਾਪਰ ਜਾਣ ਦਾ ਖ਼ਦਸ਼ਾ ਪਾਇਆ ਜਾ ਰਿਹਾ ਹੈ। ਸੁਰਿੰਦਰ ਸੋਨੂੰ ਅਤੇ ਜਾਗਰੂਕ ਕਸਬਾ ਵਾਸੀਆਂ ਨੇ ਇਸ ਮੌਕੇ ਨਗਰ ਪੰਚਾਇਤ ਮੁੱਦਕੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਸਬੇ ਮੁੱਦਕੀ ਦੇ ਬੱਚਿਆਂ, ਬਜ਼ੁਰਗਾਂ ਤੇ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਮੁੱਦਕੀ ਵਿਖੇ ਘੁੰਮ ਰਹੇ ਅਵਾਰਾ ਕੁੱਤਿਆਂ ਦਾ ਕੋਈ ਠੋਸ ਹੱਲ ਕੀਤਾ ਜਾਵੇ।


Babita

Content Editor

Related News