ਮੋਹਾਲੀ ''ਚ ਅਵਾਰਾ ਕੁੱਤਿਆਂ ਦਾ ਕਹਿਰ ਜਾਰੀ, 3 ਸਾਲ ਦੇ ਮਾਸੂਮ ਦੇ ਚਬਾਏ ਬੁੱਲ੍ਹ

03/23/2017 7:01:09 PM

ਮੋਹਾਲੀ(ਨਿਆਮੀਆਂ)— ਸਥਾਨਕ ਨਗਰ ਨਿਗਮ ਸ਼ਹਿਰ ''ਚ ਅਵਾਰਾ ਘੁੰਮ ਰਹੇ ਕੁੱਤਿਆਂ ਅਤੇ ਪਸ਼ੂਆਂ ਨੂੰ ਨੱਥ ਪਾਉਣ ''ਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਅਵਾਰਾ ਕੁੱਤਿਆਂ ਦੇ ਲੋਕਾਂ ਨੂੰ ਕੱਟਣ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ ਪਰ ਅਜੇ ਤਕ ਨਗਰ ਨਿਗਮ ਨੇ ਇਨ੍ਹਾਂ ਦੀ ਰੋਕਥਾਮ ਲਈ ਕੋਈ ਠੋਸ ਨੀਤੀ ਨਹੀਂ ਅਪਣਾਈ, ਜਿਸ ਕਰਕੇ ਸ਼ਹਿਰ ਵਾਸੀਆਂ ''ਚ ਬੇਚੈਨੀ ਫੈਲੀ ਹੋਈ ਹੈ। ਸਥਾਨਕ ਫੇਜ 2 ਵਿਖੇ ਸਥਿਤ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿਖੇ ਰਾਤ 10 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇਕ ਅਵਾਰਾ ਕੁੱਤੇ ਨੇ ਇਕ ਤਿੰਨ ਸਾਲ ਦੇ ਬੱਚੇ ਦੇ ਬੁੱਲ੍ਹ ਹੀ ਚਬਾ ਲਏ, ਜਿਸ ਕਾਰਨ ਬੱਚੇ ਨੂੰ ਗੰਭੀਰ ਹਾਲਤ ''ਚ ਪੀ. ਜੀ. ਆਈ. ਦਾਖਲ ਕਰਵਾਇਆ ਗਿਆ।
ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ ਨੇ ਦਸਿਆ ਕਿ ਰਾਤ ਕਰੀਬ 10 ਵਜੇ ਇਸ ਗੁਰਦੁਆਰਾ ਸਾਹਿਬ ''ਚ ਸਥਿਤ ਡਿਸਪੈਂਸਰੀ ''ਚ ਡਾ. ਸ਼ਸ਼ੀ ਮਰੀਜਾਂ ਦੀ ਜਾਂਚ ਕਰ ਰਹੇ ਸਨ ਅਤੇ ਉਹ ਵੀ ਆਪਣੇ ਪੋਤੇ ਸਮੇਤ ਉੱਥੇ ਸਨ। ਇਸੇ ਦੌਰਾਨ ਉਨ੍ਹਾਂ ਦਾ ਪੋਤਾ ਜਪਦੀਪ ਸਿੰਘ ਨੇੜੇ ਹੀ ਖੇਡ ਰਿਹਾ ਸੀ ਕਿ ਅਚਾਨਕ ਇਕ ਅਵਾਰਾ ਕੁੱਤੇ ਨੇ ਆ ਕੇ ਬੱਚੇ ਦਾ ਮੂੰਹ ਆਪਣੇ ਮੂੰਹ ''ਚ ਪਾ ਲਿਆ ਅਤੇ ਬੱਚੇ ਦੇ ਬੁੱਲ ਚਬਾ ਲਏ। ਉਨ੍ਹਾਂ ਨੇ ਦਸਿਆ ਕਿ ਮੌਕੇ ''ਤੇ ਹੀ ਡਾਕਟਰ ਮੌਜੂਦ ਹੋਣ ਕਾਰਨ ਬੱਚੇ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀ. ਜੀ. ਆਈ. ਦਾਖਲ ਕਰਵਾਇਆ ਗਿਆ। ਉਥੇ ਬੱਚੇ ਦੇ ਜ਼ਰੂਰੀ ਟੀਕੇ ਆਦਿ ਲਗਾਏ ਗਏ ਅਤੇ ਡਾਕਟਰਾਂ ਅਨੁਸਾਰ ਅਜੇ ਚੌਵੀ ਘੰਟੇ ਬੱਚੇ ਨੂੰ ਉਨ੍ਹਾਂ ਦੀ ਨਿਗਰਾਨੀ ''ਚ ਰੱਖਿਆ ਜਾਵੇਗਾ। 
ਜ਼ਿਕਰਯੋਗ ਹੈ ਕਿ ਅਵਾਰਾ ਕੁੱਤਿਆਂ ਨੇ ਮੋਹਾਲੀ ਸ਼ਹਿਰ ''ਚ ਕਾਫੀ ਆਤੰਕ ਫੈਲਾਇਆ ਹੋਇਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕੁੱਤੇ ਇਸ ਤੋਂ ਪਹਿਲਾਂ ਵੀ ਕਈ ਵਿਅਕਤੀਆਂ ਨੁੰ ਕੱਟ ਚੁਕੇ ਹਨ ਅਤੇ ਇਨ੍ਹਾਂ ਅਵਾਰਾ ਕੁੱਤਿਆਂ ਕਾਰਨ ਅਨੇਕਾਂ ਹੀ ਹਾਦਸੇ ਵੀ ਵਾਪਰ ਚੁਕੇ ਹਨ। ਮੋਹਾਲੀ ਪ੍ਰਸ਼ਾਸਨ ਨੇ ਅਵਾਰਾ ਕੁੱਤਿਆਂ ਦੀ ਆਬਾਦੀ ''ਤੇ ਰੋਕ ਲਗਾਉਣ ਲਈ ਕੁੱਤਿਆਂ ਦੀ ਨਸਬੰਦੀ ਕਰਨ ਦੀ ਸਕੀਮ ਵੀ ਸ਼ੁਰੂ ਕੀਤੀ ਸੀ ਪਰ ਇਸ ਸਕੀਮ ਦੇ ਵੀ ਉਸਾਰੂ ਨਤੀਜੇ ਨਹੀਂ ਨਿਕਲੇ। ਇਸ ਤਰ੍ਹਾਂ ਦਿਨੋਂ-ਦਿਨ ਸ਼ਹਿਰ ''ਚ ਅਵਾਰਾ ਕੁੱਤਿਆਂ ਦੀ ਗਿਣਤੀ ''ਚ ਵਾਧਾ ਹੋ ਰਿਹਾ ਹੈ।


Related News