ਅਵਾਰਾ ਕੁੱਤਿਆਂ ਦੀ ਦਹਿਸ਼ਤ, ਝੁੱਗੀ ''ਚ ਸੁੱਤੀ 4 ਸਾਲਾ ਬੱਚੀ ਦਾ ਜਬਾੜਾ ਨੋਚਿਆ

02/14/2020 3:25:56 PM

ਲੁਧਿਆਣਾ (ਰਾਜ) : ਆਵਾਰਾ ਕੁੱਤਿਆਂ ਦੀ ਦਹਿਸ਼ਤ ਵਧਦੀ ਹੀ ਜਾ ਰਹੀ ਹੈ। ਝੁੱਗੀ ਦੇ ਅੰਦਰ ਸੁੱਤੀ ਪਈ ਇਕ ਚਾਰ ਸਾਲਾ ਬੱਚੀ 'ਤੇ ਕੁੱਤੇ ਨੇ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੀ ਦਾ ਜਬਾੜਾ ਹੀ ਨੋਚ ਖਾਧਾ। ਬੱਚੀ ਦੇ ਚੀਕਣ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਪੁੱਜੀ ਅਤੇ ਉਸ ਨੇ ਪੱਥਰ ਅਤੇ ਡੰਡੇ ਮਾਰ ਕੇ ਕੁੱਤੇ ਨੂੰ ਭਜਾਇਆ।
ਬੱਚੇ ਨੂੰ ਛੱਡਣ ਤੋਂ ਬਾਅਦ ਕੁੱਤਾ ਝੁੱਗੀ ਦੇ ਬਾਹਰ ਬੰਨ੍ਹੀ ਹੋਈ ਬੱਕਰੀ 'ਤੇ ਟੁੱਟ ਪਿਆ। ਇਸੇ ਦੌਰਾਨ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਕੁੱਤੇ 'ਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਤਾਂ ਜਾ ਕੇ ਕੁੱਤਾ ਭੱਜਿਆ। ਗੰਭੀਰ ਹਾਲਤ 'ਚ ਬੱਚੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਬੱਚੀ ਦੀ ਹਾਲਤ ਦੇਖ ਕੇ ਡਾਕਟਰਾਂ ਨੇ ਮੁਢਲੇ ਇਲਾਜ ਤੋਂ ਬਾਅਦ ਬੱਚੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ।
ਘਟਨਾ ਜਗਰਾਓਂ ਦੀ ਹੈ। ਵੀਰੂ ਨੇ ਦੱਸਿਆ ਕਿ ਉਹ ਝੁੱਗੀ ਵਿਚ ਰਹਿੰਦਾ ਹੈ। ਉਸ ਦੇ ਦੋ ਬੱਚੇ ਹਨ। ਚਾਰ ਸਾਲਾ ਬੇਟੀ ਰਾਣੀ ਅਤੇ ਇਕ ਸਾਲ ਦਾ ਬੇਟਾ ਹੈ। ਉਹ ਲੇਬਰ ਦਾ ਕੰਮ ਕਰਦਾ ਹੈ। ਇਸ ਲਈ ਸਵੇਰੇ ਜਲਦੀ ਘਰੋਂ ਨਿਕਲ ਗਿਆ ਸੀ। ਪਿੱਛੇ ਉਸ ਦੀ ਬੇਟੀ ਝੁੱਗੀ ਵਿਚ ਸੁੱਤੀ ਪਈ ਸੀ, ਜਦੋਂਕਿ ਉਸ ਦੀ ਪਤਨੀ ਬੇਟੇ ਨਾਲ ਬਾਹਰ ਸੀ। ਇਸ ਦੌਰਾਨ ਇਕ ਕੁੱਤਾ ਉਨ੍ਹਾਂ ਦੀ ਝੁੱਗੀ 'ਚ ਆ ਗਿਆ। ਕੁੱਤੇ ਨੇ ਬੇਟੀ 'ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਜਬਾੜਾ ਹੀ ਨੋਚ ਖਾਧਾ। ਵੀਰੂ ਨੇ ਦੱਸਿਆ ਕਿ ਜਗਰਾਓਂ ਤੋਂ ਬੱਚੀ ਨੂੰ ਉਹ ਲੁਧਿਆਣਾ ਸਿਵਲ ਹਸਪਤਾਲ ਲੈ ਕੇ ਆਏ ਪਰ ਹਾਲਤ ਖਰਾਬ ਹੋਣ ਕਾਰਣ ਉਨ੍ਹਾਂ ਨੂੰ ਪਟਿਆਲਾ ਭੇਜਿਆ ਗਿਆ ਹੈ।


Babita

Content Editor

Related News