ਨਿਹੰਗ ਸਿੰਘਾਂ ਨੇ ਪਾਰਕ ''ਚ REELs ਬਣਾਉਂਦੀਆਂ ਮਾਵਾਂ-ਧੀਆਂ ਨੂੰ ਰੋਕਿਆ, ਫ਼ੋਨ ਫੜ ਡਿਲੀਟ ਕੀਤੀਆਂ ਵੀਡੀਓਜ਼
Monday, Jul 27, 2026 - 03:45 PM (IST)
ਲੁਧਿਆਣਾ: ਲੁਧਿਆਣਾ ਦੇ ਰੱਖਬਾਗ ਪਾਰਕ ਵਿਚ ਮਾਂ-ਧੀ ਵੱਲੋਂ ਡਾਂਸ ਕਰਨ ਅਤੇ ਸੋਸ਼ਲ ਮੀਡੀਆ ਰੀਲਜ਼ ਬਣਾਉਣ 'ਤੇ ਨਿਹੰਗ ਸਿੰਘਾਂ ਵੱਲੋਂ ਇਤਰਾਜ਼ ਜਤਾਉਣ ਦੀ ਘਟਨਾ ਸਾਹਮਣੇ ਆਈ ਹੈ। ਐਤਵਾਰ ਨੂੰ ਲੁਧਿਆਣਾ ਦੇ ਰੱਖਬਾਗ ਵਿਚ ਨਿਹੰਗਾਂ ਨੇ ਇਕ ਮਾਂ-ਧੀ ਨੂੰ ਡਾਂਸ ਕਰਦੇ ਹੋਏ ਫੜਿਆ ਅਤੇ ਉਨ੍ਹਾਂ ਨੂੰ ਫਟਕਾਰ ਲਗਾਈ। ਨਿਹੰਗਾਂ ਦਾ ਤਰਕ ਸੀ ਕਿ ਪਾਰਕ ਘੁੰਮਣ-ਫਿਰਨ ਅਤੇ ਬੈਠਣ ਲਈ ਹੁੰਦੇ ਹਨ, ਨਾ ਕਿ ਨਾਚ-ਗਾਣੇ ਜਾਂ ਰੀਲਾਂ ਬਣਾਉਣ ਲਈ। ਨਿਹੰਗਾਂ ਨੇ ਲੜਕੀ ਵੱਲੋਂ ਪਾਈ ਸਲੀਵਲੇਸ ਡਰੈੱਸ 'ਤੇ ਸਖ਼ਤ ਇਤਰਾਜ਼ ਜਤਾਇਆ। ਨਿਹੰਗ ਕੁਲਦੀਪ ਸਿੰਘ ਖਾਲਸਾ ਨੇ ਕਿਹਾ ਕਿ ਅਜਿਹੇ ਕੱਪੜੇ ਪਾ ਕੇ ਰੀਲਾਂ ਬਣਾਉਣ ਨਾਲ ਬੱਚਿਆਂ 'ਤੇ ਬੁਰਾ ਅਸਰ ਪੈਂਦਾ ਹੈ।
ਇਹ ਮਾਂ-ਧੀ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਹਨ ਅਤੇ ਹਾਲ ਹੀ ਵਿਚ ਪੰਜਾਬ ਆਈਆਂ ਸਨ। ਨਿਹੰਗਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਦੇ ਇਲਾਕੇ ਵਿਚ ਵੀ ਪਾਰਕਾਂ ਵਿਚ ਅਜਿਹਾ ਹੀ ਹੁੰਦਾ ਹੈ, ਅਤੇ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਇਹ ਸਭ ਨਹੀਂ ਚੱਲੇਗਾ। ਨਿਹੰਗਾਂ ਦੀ ਸਖ਼ਤੀ ਦੇਖ ਕੇ ਬੱਚੀ ਘਬਰਾ ਗਈ ਅਤੇ ਹੱਥ ਜੋੜ ਕੇ ਮਾਫੀ ਮੰਗੀ। ਨਿਹੰਗਾਂ ਨੇ ਉਨ੍ਹਾਂ ਦਾ ਮੋਬਾਈਲ ਚੈੱਕ ਕਰਕੇ ਬਣਾਈਆਂ ਹੋਈਆਂ ਵੀਡੀਓਜ਼ ਵੀ ਡਿਲੀਟ ਕਰਵਾ ਦਿੱਤੀਆਂ। ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਦੁਬਾਰਾ ਅਜਿਹਾ ਕੀਤਾ ਤਾਂ ਪੁਲਸ ਕਾਰਵਾਈ ਕੀਤੀ ਜਾਵੇਗੀ।
ਨਿਹੰਗ ਸਿੰਘਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਰਕ ਵਿੱਚ ਆਉਣ ਵਾਲੇ ਲੋਕਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉੱਥੇ ਪ੍ਰੇਮੀ ਜੋੜੇ ਅਸ਼ਲੀਲ ਹਰਕਤਾਂ ਕਰਦੇ ਹਨ ਅਤੇ ਕੁਝ ਲੋਕ ਗੈਂਗਸਟਰ ਹੋਣ ਦਾ ਦਾਅਵਾ ਕਰਦੇ ਹੋਏ ਵੀਡੀਓਜ਼ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸੱਭਿਆਚਾਰ ਨੂੰ ਠੇਸ ਪਹੁੰਚਾਉਣ ਵਾਲੀਆਂ ਅਜਿਹੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਨਿਹੰਗਾਂ ਨੇ ਕਿਹਾ ਕਿ ਅਗਲੀ ਵਾਰ ਉਹ ਆਪਣੇ ਜੱਥੇ ਨਾਲ ਔਰਤਾਂ ਨੂੰ ਵੀ ਲੈ ਕੇ ਆਉਣਗੇ ਤਾਂ ਜੋ ਪਾਰਕ ਵਿੱਚ ਗਲਤ ਹਰਕਤਾਂ ਕਰਨ ਵਾਲੀਆਂ ਔਰਤਾਂ ਨਾਲ ਸਹੀ ਢੰਗ ਨਾਲ ਨਜਿੱਠਿਆ ਜਾ ਸਕੇ।
