ਪਿੰਡ ’ਚ ਅਵਾਰਾ ਕੁੱਤਿਆਂ ਨੇ ਦੋ ਬੱਚਿਆਂ ਨੂੰ ਬੁਰੀ ਤਰ੍ਹਾਂ ਵੱਢਿਆ
Wednesday, Feb 05, 2025 - 11:23 AM (IST)
ਮਮਦੋਟ (ਸ਼ਰਮਾ) : ਕਸਬਾ ਮਮਦੋਟ ਅਤੇ ਨੇੜੇ-ਤੇੜੇ ਦੇ ਪਿੰਡਾਂ ’ਚ ਅਵਾਰਾ ਕੁੱਤਿਆਂ ਦੇ ਵੱਢਣ ਕਾਰਨ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਤੂਰ ਵਿਖੇ ਅਵਾਰਾ ਕੁੱਤਿਆਂ ਨੇ ਪਿੰਡ ਦੀਆਂ ਵੱਖ-ਵੱਖ ਘਟਨਾਵਾਂ ’ਚ 2 ਬੱਚਿਆਂ ਨੂੰ ਬੁਰੀ ਤਰ੍ਹਾਂ ਨੋਚ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਸਨੀਕ ਟੋਨਾ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਲੱਖੋ ਕੇ ਬਹਿਰਾਮ, ਸੁਰਜੀਤ ਸਿੰਘ, ਦੇਵਾ ਸਿੰਘ, ਭੁਪਿੰਦਰ ਸਿੰਘ, ਕਿੱਕਰ ਸਿੰਘ, ਰਵੀ ਸਿੰਘ ਅਤੇ ਬਲਦੇਵ ਸਿੰਘ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਵੱਲੋਂ ਪਿੰਡ ਦੇ ਬੱਚਿਆਂ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।
ਇਸ ਕਾਰਨ ਪਿੰਡ ਅਤੇ ਆਸ-ਪਾਸ ਦੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਨ੍ਹਾਂ ਅਵਾਰਾ ਕੁੱਤਿਆਂ ਦੇ ਡਰ ਕਾਰਨ ਬੱਚੇ, ਔਰਤਾਂ ਅਤੇ ਬਜ਼ੁਰਗਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਵਾਰਾ ਕੁੱਤਿਆਂ ਨੇ ਪਿੰਡ ਦੀ ਜੈਸਮੀਨ ਨਾਂ ਦੀ ਕੁੜੀ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਲੱਤ ਨੂੰ ਬੁਰੀ ਤਰ੍ਹਾਂ ਨਾਲ ਨੋਚ ਲਿਆ ਅਤੇ ਉਸ ਦੀ ਲੱਤ ਵਿਚੋਂ ਮਾਸ ਕੱਢ ਕੇ ਲੈ ਗਏ। ਮੌਕੇ ’ਤੇ ਪਤਾ ਲੱਗਣ ਕਾਰਨ ਕੁੜੀ ਨੂੰ ਕੁੱਤਿਆਂ ਤੋ ਬਚਾਇਆ ਜਾ ਸਕਿਆ।
ਇਸੇ ਤਰ੍ਹਾਂ ਪਿੰਡ ਦੇ ਸਵਰਾਜ ਨਾਂ ਦੇ ਮੁੰਡੇ ’ਤੇ ਹਮਲਾ ਕਰ ਕੇ ਕੁੱਤਿਆਂ ਨੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਇਸ ਤੋਂ ਇਲਾਵਾ ਮਮਦੋਟ ਵਿਖੇ ਵੀ ਇਨ੍ਹਾਂ ਅਵਾਰਾ ਕੁੱਤਿਆਂ ਕਾਰਨ ਲੋਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ। ਇਸ ਸਬੰਧੀ ਮਨਜੀਤ ਬਾਵਾ ਨੇ ਦੱਸਿਆ ਕਿ ਮਾਈ ਭੋਲੀ ਚੌਂਕ ਕੋਲ ਕੁੱਤਿਆਂ ਦੇ ਝੁੰਡ ਬੈਠੇ ਰਹਿੰਦੇ ਹਨ, ਜੋ ਆਉਣ ਵਾਲੇ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਉਦੇ ਹਨ। ਇਸ ਸਬੰਧੀ ਲੋਕਾਂ ਨੇ ਕਿਹਾ ਕਿ ਅਵਾਰਾ ਕੁੱਤੇ ਜਿੱਥੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ, ਉੱਥੇ ਇਹ ਸਰਕਾਰ ਵੱਲੋਂ ਚਲਾਈ ਜਾਂਦੀ ਸਵੱਛ ਭਾਰਤ ਮੁਹਿੰਮ ’ਚ ਵੀ ਰੁਕਾਵਟ ਬਣਦੇ ਹਨ , ਕਿਉਂਕਿ ਜਗ੍ਹਾ-ਜਗ੍ਹਾ ’ਤੇ ਸੜਕਾਂ ਉੱਪਰ ਗੰਦਗੀ ਫੈਲਾਉਂਦੇ ਹਨ। ਇਸ ਸਬੰਧੀ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਕੁੱਤਿਆਂ ਦੀ ਪਰੇਸ਼ਾਨੀ ਤੋਂ ਲੋਕਾਂ ਨੂੰ ਬਚਾਇਆ ਜਾਵੇ।