ਆਵਾਰਾ ਪਸ਼ੂ ਦੀ ਟੱਕਰ ਨਾਲ ਬੁੱਝ ਗਿਆ ਇਕ ਹੋਰ ਘਰ ਦਾ ਚਿਰਾਗ

09/20/2019 12:15:01 PM

ਅਬੋਹਰ (ਸੁਨੀਲ) - ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਬੁਰਜਮੁਹਾਰ ਨੇੜੇ ਬੁੱਧਵਾਰ ਦੇਰ ਰਾਤ ਬੇਸਹਾਰਾ ਪਸ਼ੂ ਨਾਲ ਟਕਰਾ ਕੇ ਇਕ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੀਤੋ ਰੋਡ 'ਤੇ ਸਥਿਤ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਕਾਲਾ ਟਿੱਬਾ ਵਾਸੀ 32 ਸਾਲਾ ਰੋਹਤਾਸ਼ ਪੁੱਤਰ ਰਾਮ ਜੀ ਲਾਲ ਜਿਹੜਾ ਕਿ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ। ਬੀਤੀ ਦੇਰ ਸ਼ਾਮ ਪਿੰਡ ਨਿਹਾਲਖੇੜਾ 'ਚ ਬਿਜਲੀ ਦਾ ਕੰਮ ਕਰਕੇ ਮੋਟਰਸਾਈਕਲ 'ਤੇ ਵਾਪਸ ਆ ਰਿਹਾ ਸੀ ਕਿ ਪਿੰਡ ਬੁਰਜਮੁਹਾਰ ਨੇੜੇ ਇਕ ਬੇਸਹਾਰਾ ਪਸ਼ੂ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੇਸਹਾਰਾ ਪਸ਼ੂ ਦੇ ਸੀਂਙ ਰੋਹਤਾਸ਼ ਦੇ ਮੂੰਹ ਅਤੇ ਸਿਰ ਵਾਲੇ ਹਿੱਸੇ 'ਚ ਦਾਖਲ ਹੋ ਗਏ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੌਤ ਦੀ ਸੂਚਨਾ ਮਿਲਦੇ ਉਸ ਦੇ ਘਰ ਅਤੇ ਪਿੰਡ 'ਚ ਸੋਗ ਫੈਲ ਗਿਆ। ਹੁਣ ਉਸ ਦੇ ਪਰਿਵਾਰ 'ਚ ਉਸ ਦਾ ਇਕ ਚਾਰ ਸਾਲ ਦਾ ਬੇਟਾ, ਪਤਨੀ, ਮਾਤਾ-ਪਿਤਾ ਅਤੇ ਭਰਾ ਹੈ। ਇਧਰ ਪੁਲਸ ਨੇ ਉਸ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਈ ਹੈ। ਸਦਰ ਥਾਣਾ ਦੀ ਪੁਲਸ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ।

ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ 'ਚ ਭਾਰੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਜਲਦ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਹੋਰ ਪਰਿਵਾਰ ਇਸ ਅਣਹੋਣੀ ਦਾ ਸ਼ਿਕਾਰ ਨਾ ਹੋਵੇ। ਇਸ ਬਾਰੇ ਜਦੋਂ ਉਪਮੰਡਲ ਅਧਿਕਾਰੀ ਪੂਨਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਿਲਾ ਅਤੇ ਸਥਾਨਕ ਪ੍ਰਸ਼ਾਸਨ ਪਸ਼ੂਆਂ ਦੀ ਸਮੱਸਿਆ ਲਈ ਪੂਰੇ ਯਤਨ ਕਰ ਰਿਹਾ ਹੈ। ਅੱਜ ਵੀ ਜ਼ਿਲੇ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਫਾਜ਼ਿਲਕਾ 'ਚ ਹੈ, ਜਿਸ 'ਚ ਉਹ ਅਬੋਹਰ 'ਚ ਪਸ਼ੂਆਂ ਦੀ ਸਮੱਸਿਆ ਦਾ ਮੁੱਦਾ ਡੀ.ਸੀ. ਦੇ ਸਾਹਮਣੇ ਚੁੱਕੇਗੀ।  

ਸਰਕਾਰ ਸ਼ਹਿਰ ਅਤੇ ਪਿੰਡਾਂ 'ਚ ਖੋਲ੍ਹੇ ਸਰਕਾਰੀ ਗਊਸ਼ਾਲਾ : ਸੁਭਾਸ਼ ਮਾਨਵ
ਇਧਰ ਮਾਨਵ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਸੁਭਾਸ਼ ਮਾਨਵ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਬੇਸਹਾਰਾ ਪਸ਼ੂਆਂ ਲਈ ਸ਼ਹਿਰ ਅਤੇ ਪਿੰਡਾਂ 'ਚ ਸਰਕਾਰੀ ਗਊਸ਼ਾਲਾਵਾਂ ਖੋਲ੍ਹਣੀਆਂ ਚਾਹੀਦੀਆਂ ਹਨ ਤਾਂ ਕਿ ਇਨ੍ਹਾਂ ਪਸ਼ੂਆਂ ਦਾ ਕੋਈ ਹੱਲ ਕੀਤਾ ਜਾ ਸਕੇ। ਇਸ ਦੇ ਲਈ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੰਸਥਾ ਵੱਲੋਂ 500 ਰੇਡੀਅਮ ਬੈਲਟਾਂ ਪਾਈਆਂ ਜਾ ਚੁੱਕੀਆਂ ਹਨ ਤਾਂ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਕਾਰਣ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਉਨ੍ਹਾਂ ਨੂੰ ਹੋਰ ਵੀ ਸਹਿਯੋਗ ਦਿੰਦਾ ਹੈ ਤਾਂ ਉਹ ਸ਼ਹਿਰ 'ਚ ਘੁੰਮਣ ਵਾਲੇ ਸਾਰੇ ਬੇਸਹਾਰਾ ਪਸ਼ੂਆਂ ਦੇ ਗਲਾਂ 'ਚ ਬੈਲਟਾਂ ਪਾਉਣ ਲਈ ਆਪਣਾ ਪੂਰਾ ਯੋਗਦਾਨ ਦੇਣਗੇ।


rajwinder kaur

Content Editor

Related News